Punjab News: ਪੰਜਾਬ ਦੇ ਤਰਨਤਾਰਨ ਵਿਧਾਨਸਭਾ ਉਪਚੋਣ ਲਈ ਆਮ ਆਦਮੀ ਪਾਰਟੀ (AAP) ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। 10 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ AAP ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ (Harmeet Singh Sandhu) ਨੂੰ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਤਰਨਤਾਰਨ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਲਈ ਉਮੀਦਵਾਰ ਘੋਸ਼ਿਤ ਕੀਤਾ ਜਾ ਸਕਦਾ ਹੈ। ਹਾਲਾਂਕਿ, ਪਾਰਟੀ 'ਚ ਸ਼ਾਮਲ ਹੋਣ ਸਮੇਂ ਸੰਧੂ ਨੇ ਕਿਹਾ ਸੀ ਕਿ ਉਹ ਉਮੀਦਵਾਰ ਵਜੋਂ ਨਹੀਂ, ਸਗੋਂ ਇਕ ਵਰਕਰ ਵਜੋਂ AAP 'ਚ ਆਏ ਹਨ।

 

 

 

ਪਾਰਟੀ ਨੂੰ ਇੱਕ ਮਜ਼ਬੂਤ ਨੇਤਾ ਦੀ ਲੋੜ ਸੀ

2022 ਦੇ ਵਿਧਾਨਸਭਾ ਚੋਣਾਂ ਵਿੱਚ AAP ਦੇ ਕਸ਼ਮੀਰ ਸਿੰਘ ਸੋਹਿਲ ਤਰਨਤਾਰਨ ਤੋਂ ਵਿਧਾਇਕ ਚੁਣੇ ਗਏ ਸਨ। ਪਰ ਬਿਮਾਰੀ ਕਾਰਨ 27 ਜੂਨ 2025 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ। ਇਸ ਸੀਟ ਨੂੰ ਪੰਥਕ ਸੀਟ ਮੰਨਿਆ ਜਾਂਦਾ ਹੈ।

ਦੱਸ ਦਈਏ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਖਾਲਿਸਤਾਨ ਸਮਰਥਕ ਅਤੇ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਪਾਰਟੀ ਵੀ ਇਥੋਂ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਇਸ ਕਾਰਨ AAP ਇਥੇ ਕਿਸੇ ਮਜ਼ਬੂਤ ਚਿਹਰੇ ਦੀ ਖੋਜ ਵਿੱਚ ਸੀ। ਇਸੇ ਤਹਿਤ ਹਰਮੀਤ ਸਿੰਘ ਸੰਧੂ ਨੂੰ ਚੁਣਿਆ ਗਿਆ। ਉਨ੍ਹਾਂ ਦੀ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿੱਚ ਪਾਰਟੀ 'ਚ ਜੋਇਨਿੰਗ ਹੋਈ ਸੀ।

ਤਰਨਤਾਰਨ ਸੀਟ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਇੱਥੋਂ ਸੁਖਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ ਹੈ। ਭਾਜਪਾ ਵੱਲੋਂ ਵੀ ਇਥੇ ਇੰਚਾਰਜ ਅਤੇ ਸਹਿ-ਇੰਚਾਰਜ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਇੱਥੋਂ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਇੰਚਾਰਜ ਲਾਇਆ ਹੈ, ਜਦਕਿ ਸਾਬਕਾ ਸੀਪੀਏ ਕੇ.ਡੀ. ਭੰਡਾਰੀ ਅਤੇ ਸਾਬਕਾ ਵਿਧਾਇਕ ਰਵਿਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ, ਕਾਂਗਰਸ ਵੀ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ।