Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਧਾਮੀ ਨੇ ਇੱਕ-ਦੋ ਦਿਨ ਦਾ ਸਮਾਂ ਮੰਗਿਆ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਆਪਣਾ ਅਹੁਦਾ ਮੁੜ ਸੰਭਾਲ ਲੈਣਗੇ। ਦੂਜੇ ਪਾਸੇ ਧਾਮੀ ਵੱਲੋਂ ਅਜੇ ਤੱਕ ਕੋਈ ਬਿਆ ਸਾਹਮਣੇ ਨਹੀਂ ਆਇਆ। ਉਂਝ ਪਤਾ ਲੱਗਾ ਹੈ ਕਿ ਧਾਮੀ ਉਪਰ ਚੁਫੇਰਿਓਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ।
ਦਰਅਸਲ ਅੰਤ੍ਰਿੰਗ ਕਮੇਟੀ ਦੇ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਵਾਸਤੇ ਮਨਾਉਣ ਲਈ ਸੋਮਵਾਰ ਨੂੰ ਉਨ੍ਹਾਂ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ’ਤੇ ਪੁੱਜੇ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਇਕੱਤਰਤਾ ਦੌਰਾਨ ਅੰਤ੍ਰਿਗ ਕਮੇਟੀ ਨੇ ਐਡਵੋਕੇਟ ਧਾਮੀ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਸੀ। ਅੰਤ੍ਰਿੰਗ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਤੁਗਲਵਾਦ ਨੇ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਐਡਵੋਕੇਟ ਧਾਮੀ ਨੇ ਇੱਕ-ਦੋ ਦਿਨ ਦਾ ਸਮਾਂ ਮੰਗਿਆ ਹੈ।
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਧਾਮੀ ਹਾਂ ਪੱਖੀ ਫ਼ੈਸਲਾ ਲੈਣਗੇ ਤੇ ਆਪਣਾ ਅਹੁਦਾ ਜਲਦੀ ਹੀ ਸੰਭਾਲ ਲੈਣਗੇ। ਧਾਮੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸਮੇਤ ਹੋਰ ਮੈਂਬਰ ਬਾਅਦ ਦੁਪਹਿਰ ਧਾਮੀ ਦੀ ਰਿਹਾਇਸ਼ ’ਤੇ ਪੁੱਜੇ।
ਹਾਸਲ ਜਾਣਕਾਰੀ ਮੁਤਾਬਕ ਕੁਝ ਸਮਾਂ ਬਾਹਰ ਗੱਲਬਾਤ ਕਰਨ ਤੋਂ ਬਾਅਦ ਸਾਰੇ ਮੈਂਬਰ ਅੰਦਰ ਚਲੇ ਗਏ ਤੇ ਧਾਮੀ ਨਾਲ ਬੰਦ ਕਮਰਾ ਮੀਟਿੰਗ ਕੀਤੀ। ਕਮੇਟੀ ਮੈਂਬਰਾਂ ਨੇ ਪੂਰਾ ਜ਼ੋਰ ਲਗਾਇਆ ਕਿ ਧਾਮੀ ਅੱਜ ਹੀ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕਰ ਦੇਣ, ਪਰ ਉਹ ਅਜਿਹਾ ਕਰਾਉਣ ’ਚ ਅਸਫਲ ਰਹੇ। ਇਹ ਵੀ ਪਤਾ ਲੱਗਿਆ ਹੈ ਕਿ ਮੈਂਬਰ ਆਪਣੇ ਨਾਲ ਸਿਰੋਪਾ ਵੀ ਲਿਆਏ ਸਨ ਪਰ ਧਾਮੀ ਨੇ ਇਹ ਲੈਣ ਤੋਂ ਨਾਂਹ ਕਰ ਦਿੱਤੀ। ਮੀਟਿੰਗ ਦੇ ਚੱਲਦਿਆਂ ਧਾਮੀ ਨੂੰ ਕੁਝ ਵਿਸ਼ੇਸ਼ ਵਿਅਕਤੀਆਂ ਦੇ ਫ਼ੋਨ ਵੀ ਆਉਣ ਦੀ ਪੁਸ਼ਟੀ ਹੋਈ ਹੈ।
ਦੇਰ ਸ਼ਾਮ ਵਾਪਸ ਜਾਣ ਤੋਂ ਪਹਿਲਾਂ ਬਾਹਰ ਉਡੀਕ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਤੁਗਲਵਾਦ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਧਾਮੀ ਆਪਣਾ ਅਹੁਦਾ ਜਲਦੀ ਸੰਭਾਲ ਲੈਣਗੇ। ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਵਾਪਸ ਲੈਣ ਲਈ ਅਸਤੀਫਾ ਨਹੀਂ ਦਿੱਤਾ ਸੀ। ਉਂਝ ਵੀ ਧਾਮੀ ਲਈ ਅਸਤੀਫਾ ਵਾਪਸ ਲੈਣਾ ਸੌਖਾ ਨਹੀਂ ਹੋਏਗਾ ਕਿਉਂਕਿ ਅਜਿਹਾ ਕਰਨ ਉਪਰ ਉਨ੍ਹਾਂ ਦੇ ਫੈਸਲੇ ਉਪਰ ਸਵਾਲ ਉੱਠ ਖੜ੍ਹੇ ਹੋਣਗੇ।