Farmers Protest: ਡੱਲੇਵਾਲ ਖਿਲਾਫ ਪੁਲਿਸ ਐਕਸ਼ਨ ਮਗਰੋਂ ਕਿਸਾਨਾਂ ਨੇ ਪਾਏ ਬਾਰਡਰਾਂ ਵੱਲ ਚਾਲੇ, ਹੁਣ ਫਿਰ ਹੋਏਗਾ ਦਿੱਲੀ ਕੂਚ
Farmers Protest: ਕਿਸਾਨ ਅੰਦੋਲਨ ਮੁੜ ਭਖ ਗਿਆ ਹੈ। ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਜ਼ਰਬੰਦੀ ਤੋਂ ਬਾਅਦ ਹਰਿਆਣਾ-ਪੰਜਾਬ ਦੇ ਖਨੌਰੀ ਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਭੀੜ ਵਧਣ ਲੱਗੀ ਹੈ।
Farmers Protest: ਕਿਸਾਨ ਅੰਦੋਲਨ ਮੁੜ ਭਖ ਗਿਆ ਹੈ। ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਜ਼ਰਬੰਦੀ ਤੋਂ ਬਾਅਦ ਹਰਿਆਣਾ-ਪੰਜਾਬ ਦੇ ਖਨੌਰੀ ਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਭੀੜ ਵਧਣ ਲੱਗੀ ਹੈ। ਮੰਗਲਵਾਰ ਨੂੰ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਉਧਰ, ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡੱਲੇਵਾਲ ਹਸਪਤਾਲ ਵਿੱਚ ਵੀ ਕੁਝ ਨਹੀਂ ਖਾ ਰਹੇ। ਉਨ੍ਹਾਂ ਨੇ ਸਿਰਫ ਪਾਣੀ ਤੇ ਕੈਂਸਰ ਦੀ ਦਵਾਈ ਲਈ ਹੈ। ਬੁੱਧਵਾਰ ਸਵੇਰੇ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵਧ ਗਿਆ। ਜਦੋਂ ਡਾਕਟਰਾਂ ਦੀ ਟੀਮ ਜਾਂਚ ਕਰਨ ਆਈ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਮੰਗਲਵਾਰ ਰਾਤ ਨੂੰ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਡੱਲੇਵਾਲ ਨੂੰ ਮਿਲਣ ਹਸਪਤਾਲ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਥੇ ਮਿਲਣ ਨਹੀਂ ਦਿੱਤਾ। ਇਹ ਵੀ ਖਬਰਾਂ ਹਨ ਕਿ ਸ਼ੰਭੂ ਸਰਹੱਦ 'ਤੇ 4 ਫੁੱਟ ਦਾ ਰਸਤਾ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਕਿਉਂਕਿ ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਮੰਗਲਵਾਰ ਨੂੰ ਇੱਕ ਵੀਡੀਓ ਵੀ ਸਾਂਝਾ ਕੀਤਾ, ਜਿਸ ਵਿੱਚ ਕੁਝ ਲੋਕ ਸੀਮਿੰਟ ਦੇ ਬੈਰੀਕੇਡਾਂ ਨੂੰ ਹਥੌੜਿਆਂ ਨਾਲ ਤੋੜ ਰਹੇ ਹਨ। ਹਾਲਾਂਕਿ ਕੰਮ ਫਿਲਹਾਲ ਰੁਕਿਆ ਹੋਇਆ ਹੈ।
ਮੰਗਲਵਾਰ (26 ਨਵੰਬਰ) ਨੂੰ ਕਾਂਗਰਸੀ ਆਗੂ ਤੇ ਪਹਿਲਵਾਨ ਬਜਰੰਗ ਪੂਨੀਆ ਵੀ ਖਨੌਰੀ ਸਰਹੱਦ 'ਤੇ ਪਹੁੰਚੇ। ਉਨ੍ਹਾਂ ਨੇ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ (ਐਕਸ) 'ਤੇ ਵੀ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ- ਉਹ ਖਨੌਰੀ ਸਰਹੱਦ 'ਤੇ ਪਹੁੰਚ ਕੇ ਕਿਸਾਨੀ ਮੰਗਾਂ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਆਪਣਾ ਸਮਰਥਨ ਦਿੱਤਾ। ਮੈਂ ਹਮੇਸ਼ਾ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।
ਇਸ ਦੇ ਨਾਲ ਹੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫ਼ਤਾਰ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਖਿਲਾਫ ਵੀ ਧੱਕੇਸ਼ਾਹੀ ਹੋਵੇਗੀ ਤਾਂ ਭਾਰਤੀ ਕਿਸਾਨ ਯੂਨੀਅਨ ਉਸ ਦਾ ਸਾਥ ਦੇਵੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਮੁਖੀ ਅਮਨ ਅਰੋੜਾ ਨੇ ਕਿਹਾ ਕਿ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਹੋਈ। ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਤੇ ਖੇਤੀ ਬਾਰੇ ਬੋਲਣ ਦਾ ਅਧਿਕਾਰ ਨਹੀਂ।
ਉਧਰ, ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੱਲੇਵਾਲ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ। ਪ੍ਰਸ਼ਾਸਨ ਉਨ੍ਹਾਂ ਦੀ ਉਮਰ ਤੇ ਸਿਹਤ ਨੂੰ ਲੈ ਕੇ ਚਿੰਤਤ ਸੀ। ਮਰਨ ਵਰਤ ਦੇ ਐਲਾਨ ਤੋਂ ਬਾਅਦ ਲੋਕਾਂ ਦੀ ਭੀੜ ਵਧ ਜਾਂਦੀ ਹੈ ਜਿਸ ਕਾਰਨ ਸਿਹਤ ਸਹੂਲਤਾਂ ਨਹੀਂ ਮਿਲ ਪਾਉਂਦੀਆਂ। ਇਸ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ ਦਾ ਫੈਸਲਾ ਕੀਤਾ।
ਯਾਦ ਰਹੇ ਸੋਮਵਾਰ ਦੇਰ ਰਾਤ ਜਿਵੇਂ ਹੀ ਕਿਸਾਨ ਆਗੂ ਡੱਲੇਵਾਲ ਨੂੰ ਚੁੱਕਿਆ ਗਿਆ ਤਾਂ ਕਿਸਾਨ ਗੁੱਸੇ ਵਿੱਚ ਆ ਗਏ। ਕਿਸਾਨ ਆਗੂ ਸਰਵਣ ਪੰਧੇਰ ਨੇ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਇਹ ਇਸ ਅੰਦੋਲਨ ਦਾ ਦੂਜਾ ਪੜਾਅ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਗੱਲਬਾਤ ਲਈ 10 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਕੋਈ ਸਹਿਮਤੀ ਨਾ ਬਣੀ ਤਾਂ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੇ।