Punjab News: ਪੰਥਕ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਨੂੰ ਮੁੜ ਨਾਕਾਰ ਦਿੱਤਾ ਹੈ। ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਨਤੀਜੇ ਬਾਦਲ ਧੜੇ ਲਈ ਖਤਰੇ ਦੀ ਘੰਟੀ ਹਨ। ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਕਮਾਨ ਸੰਭਾਲਣ ਮਗਰੋਂ ਸੁਖਬੀਰ ਬਾਦਲ ਨੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਪੂਰਾ ਜ਼ੋਰ ਲਾਇਆ ਹਰ ਅਕਾਲੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਅਕਾਲੀ ਦਲ ਨੂੰ ਮਹਿਜ਼ 8203 ਵੋਟਾਂ (9.1 ਫ਼ੀਸਦੀ) ਮਿਲੀਆਂ। ਅਕਾਲੀ ਦਲ ਬੀਜੇਪੀ ਨਾਲੋਂ ਵੀ ਹੇਠਾਂ ਚੌਥੇ ਨੰਬਰ ’ਤੇ ਰਿਹਾ।
ਦਰਅਸਲ 2027 ਵਿੱਚ ਹੋਰ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਦੋ ਸਾਲ ਪਹਿਲਾਂ ਅਕਾਲੀ ਦਲ ਦਾ ਇਹ ਹਾਲ ਬਾਦਲ ਧੜੇ ਲਈ ਖਤਰੇ ਦੀ ਘੰਟੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਦੁਬਾਰਾ ਕਮਾਨ ਸੰਭਾਲਣ ਨਾਲ ਪੰਥਕ ਵੋਟਰਾਂ ਵਿੱਚ ਰੋਹ ਹੋਰ ਵਧ ਗਿਆ ਹੈ। ਇਸ ਲਈ ਉਨ੍ਹਾਂ ਨੇ ਅਕਾਲੀ ਦਲ ਤੋਂ ਦੂਰੀ ਬਣਾ ਲਈ ਹੈ ਤੇ ਨੇੜ ਭਵਿੱਖ ਅਕਾਲੀ ਦਲ ਦੀ ਸਾਖ ਸੁਧਰਣ ਦੀ ਉਮੀਦ ਵੀ ਨਜ਼ਰ ਨਹੀਂ ਆ ਰਹੀ।
ਦਰਅਸਲ ਪਾਰਟੀ ਦੀ ਦੁਬਾਰਾ ਕਮਾਨ ਸੰਭਾਲਣ ਮਗਰੋਂ ਸੁਖਬੀਰ ਬਾਦਲ ਲਈ ਇਹ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਸੀ। ਇਸ ਲਈ ਉਨ੍ਹਾਂ ਨੇ ਪੂਰੀ ਵਾਹ ਲਾਈ ਪਰ ਪਾਰਟੀ ਦਾ ਉਮੀਦਵਾਰ ਪਿਛਲੀ 2022 ਦੀ ਵਿਧਾਨ ਸਭਾ ਚੋਣ ਨਾਲੋਂ ਵੀ ਹੇਠਾਂ ਆ ਗਿਆ। 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 10,072 ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਵਿਧਾਨ ਸਭਾ ਦੀਆਂ 1977 ਤੋਂ ਹੁਣ ਤੱਕ 10 ਵਿਧਾਨ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਦੋ ਵਾਰ ਇਸ ਹਲਕੇ ਤੋਂ ਜਿੱਤਿਆ ਹੈ। 2007 ਵਿੱਚ ਪਾਰਟੀ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ 57.0 ਫ਼ੀਸਦੀ ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ।
ਦੱਸ ਦਈਏ ਕਿ 1997 ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ ਇਸ ਹਲਕੇ ਤੋਂ 55.2 ਫ਼ੀਸਦੀ ਵੋਟਾਂ ਲੈ ਕੇ ਜਿੱਤੇ ਸਨ। ਮੌਜੂਦਾ ਉਪ ਚੋਣ ’ਚ ਪਾਰਟੀ ਨੇ ਹੁਣ ਤੱਕ ਦੀਆਂ ਸਾਰੀਆਂ ਚੋਣਾਂ ਤੋਂ ਘੱਟ ਵੋਟਾਂ ਲਈਆਂ ਹਨ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦਾ ਨਿੱਜੀ ਰਸੂਖ਼ ਵੀ ਚੰਗਾ ਸੀ। ਇਸ ਲਈ ਵੀ ਅਕਾਲੀ ਦਲ ਨੂੰ ਵੋਟਾਂ ਮਿਲੀਆਂ ਨਹੀਂ ਤਾਂ ਇਹ ਗ੍ਰਾਫ ਹੋਰ ਹੇਠਾਂ ਹੋਣਾ ਸੀ।
ਦਰਅਸਲ ਬੇਅਦਬੀ ਮਾਮਲਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਲਈ 2017 ਤੋਂ ਹੀ ਬੁਰੇ ਦਿਨ ਸ਼ੁਰੂ ਹੋ ਗਏ ਸਨ ਜਦੋਂ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਦੀ ਝੋਲੀ ਸਿਰਫ਼ 15 ਸੀਟਾਂ ਪਈਆਂ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਕੋਲ ਘਟ ਕੇ ਤਿੰਨ ਵਿਧਾਇਕ ਹੀ ਰਹਿ ਗਏ। ਇਸ ਮਗਰੋਂ ਸੁਖਬੀਰ ਬਾਦਲ ਨੂੰ ਹਟਾਉਣ ਦੀ ਚਰਚਾ ਛਿੜੀ। ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ’ਚ ਕਮੇਟੀ ਬਣਾਈ ਪਰ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ।
ਦੱਸ ਦਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ ਸਿਰਫ਼ 13.42 ਫ਼ੀਸਦੀ ਰਹਿ ਗਿਆ ਜੋ ਸਾਲ 2019 ਦੀਆਂ ਚੋਣਾਂ ਵੇਲੇ 27.45 ਫ਼ੀਸਦੀ ਸੀ। ਲੋਕ ਸਭਾ ਚੋਣਾਂ 2024 ’ਚ ਪਾਰਟੀ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਮਗਰੋਂ ਪਾਰਟੀ ਨੇ ਚਾਰ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੀ ਉਪ ਚੋਣ ਹੀ ਨਹੀਂ ਲੜੀ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਨੇ ਬਸਪਾ ਦੀ ਹਮਾਇਤ ਕੀਤੀ ਤੇ ਇਸ ਦੇ ਬਾਵਜੂਦ ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੂੰ 734 ਵੋਟਾਂ ਮਿਲੀਆਂ।
ਸੰਗਰੂਰ ਲੋਕ ਸਭਾ ਦੀ ਉਪ ਚੋਣ ’ਚ ਪਾਰਟੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ 6.24 ਫ਼ੀਸਦੀ ਵੋਟ ਮਿਲੇ ਤੇ ਪਾਰਟੀ ਚੌਥੇ ਨੰਬਰ ’ਤੇ ਰਹੀ। ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਨੂੰ 17.85 ਫ਼ੀਸਦੀ ਵੋਟ ਮਿਲੇ ਜੋ ਤੀਜੇ ਨੰਬਰ ’ਤੇ ਰਿਹਾ। ਮੌਜੂਦਾ ਉਪ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਤਾਂ ਭਾਜਪਾ ਨਾਲੋਂ ਵੀ ਪਛੜ ਗਿਆ ਹੈ। ਸੰਗਰੂਰ ਲੋਕ ਸਭਾ ਉਪ ਚੋਣ ’ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਕਾਲੀ ਦਲ ਤੋਂ ਅੱਗੇ ਨਿਕਲ ਗਿਆ ਸੀ।