Shiromani Akali Dal: ਮਾਝੇ ਦਾ ਜਰਨੈਲ ਮੰਨੇ ਜਾਂਦੇ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਖਿਲਾਫ ਆਵਾਜ਼ ਬੁਲੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਵੱਡਾ ਧਮਾਕਾ ਕੀਤਾ ਹੈ। ਮਜੀਠੀਆ ਦੇ ਇਸ ਫੈਸਲੇ ਦੇ ਹੱਕ ਵਿੱਚ ਵੱਡੀ ਗਿਣਤੀ ਅਕਾਲੀ ਲੀਡਰ ਆ ਖੜ੍ਹੇ ਹੋਏ ਹਨ। ਇਸ ਮਗਰੋਂ ਬਾਦਲ ਧੜੇ ਨੇ ਮਜੀਠੀਆ ਸਣੇ ਬਾਗੀ ਸੁਰਾਂ ਵਾਲੇ ਲੀਡਰਾਂ ਖਿਲਾਫ ਸਖਤ ਐਕਸ਼ਨ ਲੈਣ ਦੀ ਧਮਕੀ ਦਿੰਦਿਆਂ ਮਾਝੇ ਅੰਦਰ ਨਵਾਂ ਦਾਅ ਖੇਡਿਆ ਹੈ।

ਬਾਦਲ ਧੜੇ ਨੇ ਮਜੀਠੀਆ ਨੂੰ ਸਬਕ ਸਿਖਾਉਣ ਲਈ ਵਿਵਾਦਾਂ ਕਰਕੇ ਕਈ ਸਾਲਾਂ ਤੋਂ ਸਿਆਸੀ ਹਾਸ਼ੀਏ 'ਤੇ ਚੱਲ ਰਹੇ ਸੀਨੀਅਰ ਲੀਡਰ ਸੁੱਚਾ ਸਿੰਘ ਲੰਗਾਹ ਨੂੰ ਥਾਪੜਾ ਦੇ ਦਿੱਤਾ ਹੈ। ਤਖਤ ਸ਼੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਸਤਾਰਬੰਦੀ ਮੌਕੇ ਲੰਗਾਹ ਨੇ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਮੋਰਚਾ ਸੰਭਾਲਿਆ। ਉਹ ਹੀ ਮੀਡੀਆ ਨੂੰ ਮੁਖਾਤਿਬ ਹੋਏ ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਬਚਾਅ ਕੀਤਾ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਇਸ ਦਾ ਸਭ ਤੋਂ ਵੱਡਾ ਅਸਰ ਮਾਝੇ ਵਿੱਚ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੇ ਫੈਸਲੇ ਦਾ ਬਿਕਰਮ ਮਜੀਠੀਆ ਵੱਲੋਂ ਵਿਰੋਧ ਕਰਨ ਤੋਂ ਬਾਅਦ ਮਾਝੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਫੁੱਟ ਦੇ ਕੰਢੇ 'ਤੇ ਪਹੁੰਚ ਗਿਆ ਹੈ। ਮਜੀਠੀਆ ਦੇ ਹੱਕ ਵਿੱਚ ਵੱਡੀ ਗਿਣਤੀ ਲੀਡਰ ਆਣ ਖੜ੍ਹੇ ਹਨ। ਤਾਜ਼ਾ ਹਾਲਾਤ ਨੂੰ ਵੇਖਦਿਆਂ ਬਾਦਲ ਧੜੇ ਨੇ ਲੰਗਾਹ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਇਸ ਮੁੱਦੇ 'ਤੇ ਸੁਖਬੀਰ ਬਾਦਲ ਦੇ ਸਮਰਥਕ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਜਦੋਂ ਕਿ ਵਿਰੋਧੀ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਆਉਣੇ ਸ਼ੁਰੂ ਹੋ ਗਏ ਹਨ। ਯਾਦ ਰਹੇ ਮਜੀਠੀਆ ਅਕਾਲੀ ਦਲ ਵਿੱਚ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਹਨ। ਇਸ ਕਰਕੇ ਬਾਦਲ ਧੜੇ ਨੂੰ ਡਰ ਹੈ ਕਿ ਜੇਕਰ ਬਗਾਵਤ ਵਧੀ ਤਾਂ ਮਜੀਠੀਆ ਦਾ ਧੜਾ ਹਾਵੀ ਹੋ ਸਕਦਾ ਹੈ। ਇਸ ਲਈ ਲੰਗਾਹ ਨੂੰ ਅੱਗੇ ਕੀਤਾ ਗਿਆ ਹੈ।

ਉਧਰ ਲੰਗਾਹ ਵੀ ਇਸ ਮੌਕੇ ਦਾ ਫਾਇਦਾ ਲੈਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਬੀਤੇ ਕੱਲ਼੍ਹ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਸਤਾਰਬੰਦੀ ਮੌਕੇ ਪੂਰੀ ਤਰ੍ਹਾਂ ਮੋਰਚਾ ਸੰਭਾਲਿਆ ਤੇ ਵਿਰੋਧੀਆਂ ਉਪਰ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਬਾਦਲ ਪਰਿਵਾਰ ਦੀਆਂ ਕੁਰਬਾਨੀਆਂ ਗਿਣਵਾਈਆਂ ਤੇ ਵਿਰੋਧੀਆਂ ਨੂੰ ਖੂਬ ਰਗੜੇ ਲਾਏ। ਲੰਗਾਹ ਦੇ ਹਮਲਾਵਰ ਤੇਵਰਾਂ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਦੀ ਖੁੱਲ੍ਹੀ ਹਮਾਇਤ ਹੈ। 

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਮਾਝੇ ਵਿੱਚ ਅਕਾਲੀ ਦਲ ਦੇ ਅੰਦਰ ਦੋ ਰਾਜਨੀਤਕ ਕੇਂਦਰ ਉੱਭਰ ਕੇ ਸਾਹਮਣੇ ਆਏ ਹਨ।  ਬਿਕਰਮ ਸਿੰਘ ਮਜੀਠੀਆ ਉਪਰ ਲਗਾਮ ਕੱਸਣ ਲਈ ਬਾਦਲ ਧੜਾ ਸੁੱਚਾ ਸਿੰਘ ਲੰਗਾਹ ਨਾਲ ਡਟ ਕੇ ਖੜ੍ਹੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਬਾਗ਼ੀ ਬਿਆਨ ਦੇਣ ਵਾਲਿਆਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਬਿਕਰਮ ਮਜੀਠੀਆ ਵਿਰੁੱਧ ਵੀ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਬਿਆਨ ਦੇਣ ਲਈ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਜੇਕਰ ਇਹ ਨੋਟਿਸ ਮਜੀਠੀਆ ਵਿਰੁੱਧ ਜਾਰੀ ਹੁੰਦਾ ਹੈ ਤਾਂ ਮਾਝੇ ਵਿੱਚ ਪਾਰਟੀ ਪੂਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡੇ ਜਾਣ ਦੀ ਸੰਭਾਵਨਾ ਹੈ।