ਲਹਿਰਾਗਾਗਾ: ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁਲਾਜ਼ਮ ਦਵਿੰਦਰ ਸਿੰਘ ਵੱਲੋਂ ਕੀਤੀ ਆਤਮਹੱਤਿਆ ਹੱਤਿਆ ਨੂੰ ਲੈ ਕੇ ਜੋ ਲਹਿਰਾ- ਸੁਨਾਮ ਮੁੱਖ ਮਾਰਗ ਜਾਮ ਕੀਤਾ ਹੋਇਆ ਸੀ ਅੱਜ ਦੇਰ ਸ਼ਾਮ ਮੰਗਾਂ ਮੰਨਣ ਉਪਰੰਤ ਇਹ ਜਾਮ ਖੋਲ੍ਹ ਦਿੱਤਾ ਗਿਆ ਹੈ। ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ, ਡਿਪਟੀ ਕਮਿਸ਼ਨਰ ਸੰਗਰੂਰ ਰਾਮਬੀਰ ਅਤੇ ਐੱਸਡੀਐੱਮ ਲਹਿਰਾਂ ਨਵਰੀਤ ਕੌਰ ਸੇਖੋਂ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਇੱਕ ਕਮੇਟੀ ਬਣਾਉਂਦਿਆਂ ਗੱਲਬਾਤ ਸ਼ੁਰੂ ਕੀਤੀ। 


ਵਿਧਾਇਕ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਗੱਲਬਾਤ ਸਿਰੇ ਲੱਗਦਿਆਂ ਹੀ ਐਲਾਨ ਕੀਤਾ ਗਿਆ, ਕਿ ਮ੍ਰਿਤਕ ਦੇ ਪਰਿਵਾਰ ਨੂੰ 10  ਲੱਖ ਰੁਪਏ ਦਾ ਚੈੱਕ, ਸਾਰਾ ਕਰਜ਼ਾ ਮਾਫ਼, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਾਲਜ ਸਟਾਫ ਦੀ ਛੱਤੀ ਮਹੀਨਿਆਂ ਤੋਂ ਰੁਕੀ ਤਨਖਾਹ ਸੰਬੰਧੀ ਐਲਾਨ ਕੀਤਾ ਗਿਆ ਕਿ ਛੇ ਮਹੀਨਿਆਂ ਦੀ ਤਨਖਾਹ ਰਿਲੀਜ਼ ਕਰਵਾ ਦਿੱਤੀ ਜਾਵੇਗੀ।


ਤਨਖਾਹ ਸਬੰਧੀ ਫੌਰੀ ਐਕਸ਼ਨ ਲਿਆ ਜਾਵੇਗਾ, ਕਾਲਜ ਬੰਦ ਨਹੀਂ ਹੋਣ ਦਿੱਤਾ ਜਾਵੇਗਾ, ਪੋਲੀਟੈਕਨਿਕ ਕਾਲਜ ਦੀ ਟਰੇਡ ਵੀ ਲਿਆਂਦੀ ਜਾਵੇਗੀ ਤੇ ਕਿਸੇ ਮੁਲਾਜ਼ਮ ਨੂੰ ਕੱਢਿਆ ਨਹੀਂ ਜਾਵੇਗਾ।ਐੱਮ ਐੱਲ ਏ ਬਰਿੰਦਰ ਗੋਇਲ ਨੇ ਦਵਿੰਦਰ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਕਰਨ ਉਪਰੰਤ ਕਿਹਾ, ਕਿ ਮੈਂ ਕੱਲ੍ਹ ਤੋਂ ਹੀ ਲਗਾਤਾਰ ਸਰਕਾਰ ਨਾਲ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਜਿਸ ਕਰਕੇ ਇਹ ਜ਼ਰੂਰੀ ਮੰਗਾਂ ਪ੍ਰਵਾਨ ਕਰਵਾਈਆਂ ਗਈਆਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਾਲਜ ਚਲਾਉਣ ਲਈ ਸਾਡੇ ਵੱਲੋਂ ਅੱਗੇ ਵੀ ਯਤਨ ਜਾਰੀ ਰੱਖੇ ਜਾਣਗੇ।


 ਲਹਿਰਾਗਾਗਾ ਵਿਖੇ ਪੰਜਾਬ ਸਰਕਾਰ ਵੱਲੋਂ ਸਥਾਪਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਮੁਲਾਜ਼ਮਾਂ ਨੂੰ ਪਿਛਲੇ 36 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਚਲਦੇ ਰੋਸ 'ਚ ਬੀਤੇ ਦਿਨ ਇਕ ਕਲਰਕ ਨੇ ਕਾਲਜ ਵਿਖੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ।  

 

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2020  ਵਿਚ ਉਕਤ ਨੌਜਵਾਨ ਪਹਿਲਾਂ ਵੀ ਤਨਖਾਹ ਨਾ ਮਿਲਣ ਦੇ ਚਲਦੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕਿਆ ਸੀ, ਪਰ ਖੁਸ਼ਕਿਸਮਤੀ ਨਾਲ ਉਹ ਬਚ ਗਿਆ, ਪਰ ਇਸ ਮਾਮਲੇ ਤੋਂ ਸਰਕਾਰ ,ਪ੍ਰਸ਼ਾਸਨ ਜਾਂ ਵਿਭਾਗ ਨੇ ਕੋਈ ਸਬਕ ਨਹੀਂ ਲਿਆ ,ਜਿਸ ਦੇ ਚੱਲਦੇ ਉਹ ਅੱਜ ਫਿਰ ਆਰਥਿਕ ਮੰਦੀ ਦੇ ਚੱਲਦੇ  ਪੱਖੇ ਨਾਲ ਫਾਹਾ ਲੈ ਲਿਆ।

 

ਜਿਸ ਤੋਂ ਬਾਅਦ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਕਾਲਜ ਦਾ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੈਂਕੜੇ ਹੋਰ ਮੁਲਾਜ਼ਮ ਜਾਂ ਉਨ੍ਹਾਂ ਦੇ ਬੱਚੇ  ਬੱਚਿਆਂ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।