Pastor Bajinder Singh Controversy: ਜਲੰਧਰ ਦੇ ਵਿਵਦਤ ਪਾਦਰੀ ਬਜਿੰਦਰ ਸਿੰਘ ਵੱਲੋਂ ਔਰਤ ਤੇ ਨੌਜਵਾਨ ਨੂੰ ਥੱਪੜ ਮਾਰਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪਾਦਰੀ ਨੇ ਜਿਸ ਔਰਤ ਤੇ ਨੌਜਵਾਨ ਨੂੰ ਥੱਪੜ ਮਾਰੇ ਸੀ, ਉਨ੍ਹਾਂ ਦੀ ਪਛਾਣ ਸਾਹਮਣੇ ਆਈ ਹੈ। ਉਹ ਮੁਹਾਲੀ ਦੇ ਰਹਿਣ ਵਾਲੇ ਹਨ ਤੇ ਪਾਸਟਰ ਬਜਿੰਦਰ ਸਿੰਘ ਵਿਰੁੱਧ ਕੰਮ ਕਰਦੇ ਸੀ। ਉਨ੍ਹਾਂ ਨੂੰ ਚੋਰੀ ਦੇ ਦੋਸ਼ ਵਿੱਚ ਕੁੱਟਿਆ ਗਿਆ। ਹਾਲਾਂਕਿ ਇਸ ਬਾਰੇ ਲੜਕੀ ਵੱਲੋਂ ਕੋਈ ਬਿਆਨ ਨਹੀਂ ਆਇਆ।

ਸੂਤਰਾਂ ਅਨੁਸਾਰ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ, ਉਸ ਨੇ ਆਪਣੀ ਭੈਣ ਨੂੰ ਪਾਸਟਰ ਬਜਿੰਦਰ ਦੇ ਚਰਚ ਵਿੱਚ ਆਉਣ ਤੋਂ ਰੋਕਿਆ ਸੀ। ਇਸ ਕਾਰਨ ਉਸ ਨੂੰ ਕੁੱਟਿਆ ਗਿਆ। ਦੂਜੇ ਪਾਸੇ ਕਪੂਰਥਲਾ ਦੀ ਔਰਤ ਨੇ ਪਾਦਰੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਅਦਾਲਤ ਵਿੱਚ ਬਿਆਨ ਦਰਜ ਕੀਤੇ ਗਏ ਹਨ।

ਹਾਸਲ ਜਾਣਕਾਰੀ ਅਨੁਸਾਰ ਪਾਸਟਰ ਬਜਿੰਦਰ ਸਿੰਘ ਦਾ ਉਪਰੋਕਤ ਵੀਡੀਓ ਐਤਵਾਰ ਨੂੰ ਤੇਜ਼ੀ ਨਾਲ ਵਾਇਰਲ ਹੋਣਾ ਸ਼ੁਰੂ ਹੋ ਗਿਆ। ਇਸ ਵੀਡੀਓ ਵਿੱਚ ਬਜਿੰਦਰ ਸਿੰਘ ਇੱਕ ਔਰਤ ਨੂੰ ਥੱਪੜ ਮਾਰਦੇ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਉਸ ਨੇ ਬੱਚੇ ਨਾਲ ਬੈਠੀ ਔਰਤ ਦੇ ਚਿਹਰੇ 'ਤੇ ਇੱਕ ਕਾਪੀ ਵੀ ਸੁੱਟੀ। ਇਹ ਵੀਡੀਓ 14 ਫਰਵਰੀ ਦਾ ਹੈ। ਇਹ ਘਟਨਾ ਬਜਿੰਦਰ ਸਿੰਘ ਦੇ ਚੰਡੀਗੜ੍ਹ ਦਫ਼ਤਰ ਵਿੱਚ ਵਾਪਰੀ। ਹਾਲਾਂਕਿ ਇਸ ਬਾਰੇ ਚਰਚ ਵੱਲੋਂ ਕੋਈ ਬਿਆਨ ਜਾਂ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ।

ਦੱਸ ਦਈਏ ਕਿ ਬਜਿੰਦਰ ਸਿੰਘ ਵਿਰੁੱਧ ਇੱਕ ਔਰਤ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਚੱਲ ਰਿਹਾ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਤਾਜਪੁਰ ਪਿੰਡ ਦੇ 'ਦ ਚਰਚ ਆਫ਼ ਗਲੋਰੀ ਐਂਡ ਵਿਜ਼ਡਮ' ਦੇ ਪਾਸਟਰ ਬਜਿੰਦਰ ਸਿੰਘ ਨੇ ਜਲੰਧਰ ਵਿੱਚ ਉਸ ਨਾਲ ਛੇੜਛਾੜ ਕੀਤੀ ਸੀ। ਬਜਿੰਦਰ ਸਿੰਘ ਨੇ ਉਸ ਦਾ ਫ਼ੋਨ ਨੰਬਰ ਲੈ ਲਿਆ ਤੇ ਅਸ਼ਲੀਲ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਉਸ ਨੇ ਮਹਿਲਾ ਨੂੰ ਚਰਚ ਵਿੱਚ ਇਕੱਲੇ ਕੈਬਿਨ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ। ਉੱਥੇ ਉਹ ਉਸ ਨਾਲ ਦੁਰਵਿਵਹਾਰ ਕਰਦਾ ਸੀ। 

ਉਧਰ, ਕਪੂਰਥਲਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਸੀ। ਐਸਆਈਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਲੜਕੀ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਇਸ ਨਾਲ ਪਾਦਰੀ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।