Sukhbir Singh Badal Statement on Sikh Unity: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇੱਕ ਬਿਆਨ ਤੋਂ ਬੀਜੇਪੀ ਭੜਕ ਗਈ ਹੈ। ਸੁਖਬੀਰ ਬਾਦਲ ਨੇ ਸਿੱਖ ਕੌਮ ਦੀ ਇਕਜੁੱਟਤਾ ਦਾ ਸੱਦਾ ਦਿੰਦਿਆ ਮੁਸਲਮਾਨਾਂ ਦੀ ਮਿਸਾਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 18 ਫੀਸਦੀ ਮੁਸਲਮਾਨ ਆਬਾਦੀ ਹੈ, ਪਰ ਉਨ੍ਹਾਂ ਕੋਲ ਨਾ ਤਾਂ ਅਗਵਾਈ ਹੈ ਤੇ ਨਾ ਹੀ ਏਕਤਾ। ਇਸ ਕਾਰਨ ਹੀ ਉਹ ਬਾਬਰੀ ਮਸਜਿਦ ਦੀ ਲੜਾਈ ਹਾਰ ਗਏ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇੱਕਮੁੱਠ ਹਨ ਪਰ ਕੁਝ ਤਾਕਤਾਂ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਲਈ ਉਨ੍ਹਾਂ ਨੂੰ ਇੱਕਮੁੱਠ ਹੀ ਰਹਿਣਾ ਪਵੇਗਾ।


ਉਧਰ, ਸੁਖਬੀਰ ਬਾਦਲ ਦੇ ਬਿਆਨ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਯੁੱਧਿਆ 'ਚ ਵਿਵਾਦਤ ਢਾਂਚੇ ਦੇ ਸਮਰਥਕਾਂ ਦੀ ਹਾਰ 'ਤੇ ਦੁਖੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੇ ਮਨ ਵਿੱਚ ਜੋ ਵੀ ਹੈ, ਉਹ ਸਿੱਧਾ ਬੋਲਣਾ ਚਾਹੀਦਾ ਹੈ। ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਬਾਦਲ ਚੋਣ ਲੜਾਈ ਲੜਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਲਕਸ਼ਮੀਕਾਂਤਾ ਚਾਵਲਾ ਨੇ ਅਯੁੱਧਿਆ ਬਾਰੇ ਅੱਗੇ ਕਿਹਾ ਕਿ ਨਾ ਤਾਂ ਕਿਸੇ ਨੇ ਲੜਾਈ ਜਿੱਤੀ ਹੈ ਤੇ ਨਾ ਹੀ ਕੋਈ ਹਾਰਿਆ। ਸਗੋਂ ਸਾਰੀਆਂ ਧਿਰਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦਿਆਂ ਸ਼ਾਂਤੀਪੂਰਵਕ ਹੱਲ ਲੱਭਿਆ ਹੈ।


'ਸੁਖਬੀਰ ਬਾਦਲ ਅਜਿਹੇ ਬਿਆਨ ਨਾਲ ਸੱਤਾ 'ਚ ਨਹੀਂ ਆ ਸਕਦੇ'
ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਉਹ ਅਜਿਹੇ ਬਿਆਨਾਂ ਨਾਲ ਕਦੇ ਵੀ ਸੱਤਾ 'ਚ ਨਹੀਂ ਆ ਸਕਦੇ। ਇੰਨਾ ਹੀ ਨਹੀਂ ਗਰੇਵਾਲ ਨੇ ਕਿਹਾ ਕਿ ਭਾਜਪਾ ਤੋਂ ਬਿਨਾਂ ਅਕਾਲੀ ਦਲ ਕਦੇ ਵੀ ਸਰਕਾਰ ਨਹੀਂ ਬਣਾ ਸਕਦਾ। ਅਜਿਹੇ ਬਿਆਨ ਦੇ ਕੇ ਸੁਖਬੀਰ ਬਾਦਲ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹਨ। ਉਹ ਧਰਮ ਦੇ ਨਾਂ 'ਤੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ।


ਕਾਂਗਰਸ ਨੇ ਵੀ ਸੁਖਬੀਰ ਬਾਦਲ 'ਤੇ ਵੀ ਨਿਸ਼ਾਨਾ ਸਾਧਿਆ
ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਵੀ ਸੁਖਬੀਰ ਬਾਦਲ ਨੂੰ ਉਨ੍ਹਾਂ ਦੇ ਬਿਆਨ 'ਤੇ ਘੇਰਿਆ। ਬਿੱਟੂ ਨੇ ਕਿਹਾ ਕਿ ਉਹ ਸੰਸਦ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ, ਇਸ ਦਾ ਅੰਦਾਜ਼ਾ ਉਨ੍ਹਾਂ ਦੇ ਬਿਆਨ ਤੋਂ ਹੀ ਲਾਇਆ ਜਾ ਸਕਦਾ ਹੈ। ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ, ਜੰਮੂ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਵਰਗੇ ਕਈ ਰਾਜਾਂ ਤੋਂ ਮੁਸਲਿਮ ਸੰਸਦ ਮੈਂਬਰ ਹਨ ਤੇ ਉਹ ਆਪਣੇ ਇਲਾਕਿਆਂ ਦੇ ਲੋਕਾਂ ਦੀ ਅਗਵਾਈ ਵੀ ਕਰ ਰਹੇ ਹਨ। ਫਿਰ ਸੁਖਬੀਰ ਬਾਦਲ ਅਜਿਹੇ ਬਿਆਨਾਂ ਨਾਲ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ?