ਖੰਨਾ: ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਜੋ ਬਹੁਤ ਹੀ ਨਿੰਦਣਯੋਗ ਹੈ। ਫੌਜਾ ਸਿੰਘ ਸਰਾਰੀ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਰਕਾਰੀ ਬਾਗ ਤੇ ਨਰਸਰੀਆਂ ਦਾ ਨਰੀਖਣ ਕਰਨ ਲਈ ਪਹੁੰਚੇ ਸਨ।


ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੁਖੀ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਤੇ ਬੋਲਦਿਆਂ ਫੌਜਾ ਸਿੰਘ ਦਾ ਕਹਿਣਾ ਸੀ ਕਿ ਮਾਨ ਉਮਰ 'ਚ ਵੱਡੇ ਹਨ। ਇਸ ਕਾਰਨ ਉਹ ਸਤਿਕਾਰਯੋਗ ਹਨ ਪਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਦਾ ਦੇਣ ਕੋਈ ਨਹੀਂ ਦੇ ਸਕਦਾ। ਉਨ੍ਹਾਂ ਨੂੰ ਅੱਤਵਾਦੀ ਕਹਿਣਾ ਅਤਿ ਨਿੰਦਣਯੋਗ ਹੈ ਤੇ ਉਨ੍ਹਾਂ ਮਹਾਨ ਸ਼ਹੀਦਾਂ ਦਾ ਅਪਮਾਨ ਹੈ।


ਇਸ ਮੌਕੇ ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਜੋ ਕਮੀਆਂ ਹਨ, ਉਨ੍ਹਾਂ ਨੂੰ ਜਲਦ ਦੂਰ ਕੀਤਾ ਜਾਵੇਗਾ। ਇਸ ਦੀ ਆਮਦਨ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਇਸ ਮੌਕੇ ਪ੍ਰਸ਼ਾਸਨ ਦੀ ਨਲਾਇਕੀ ਤੇ ਅਣਦੇਖੀ ਵੀ ਦੇਖਣ ਨੂੰ ਮਿਲੀ। ਜਿਸ ਦਫ਼ਤਰ ਵਿੱਚ ਮੰਤਰੀ ਪਹੁੰਚੇ ਸਨ, ਉਸ ਦੇ ਅੱਗੇ ਮੀਂਹ ਕਰਨ ਜਿੱਥੇ ਪਾਣੀ ਖੜ੍ਹਾ ਸੀ, ਉੱਥੇ ਹੀ ਦਫ਼ਤਰ ਦੀ ਛੱਤ ਮੀਂਹ ਕਾਰਨ ਟਪਕ ਰਹੀ ਸੀ। ਮੰਤਰੀ ਨੇ ਇਸ ਨੂੰ ਦਰੁਸਤ ਕਰਵਾਉਣ ਦੀ ਵੀ ਗੱਲ ਕਹੀ।



ਦਰਅਸਲ ਹਰਿਆਲੀ ਨੂੰ ਹੁਲਾਰਾ ਦੇਣ ਪੰਜਾਬ ਦੇ ਵਨ ਮੰਤਰੀ ਫੌਜਾ ਸਿੰਘ ਅੱਜ ਫਤਹਿਗੜ੍ਹ ਸਾਹਿਬ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਵਨ ਵਿਭਾਗ ਦੇ ਦਫ਼ਤਰ ਤੇ ਨਰਸਰੀਆਂ ਦਾ ਦੌਰਾ ਕਰ ਅਧਿਕਾਰੀਆਂ ਨਾਲ ਬੈਠਕ ਕੀਤੀ। ਮੰਤਰੀ ਸਾਹਿਬ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸ਼ਨ ਦੇ ਹੱਥ ਪੈਰ ਵੀ ਫੁੱਲੇ ਹੋਏ ਨਜ਼ਰ ਆਏ, ਕਿਉਂਕਿ ਜਿਸ ਵਨ ਵਿਭਾਗ ਦੇ ਦਫਤਰ ਮੰਤਰੀ ਸਾਬ ਪਹੁੰਚੇ ਸਨ, ਉਸ ਨੂੰ ਜਾਂਦੀ ਸੜਕ ਤੇ ਪਾਣੀ ਖੜ੍ਹਾ ਹੋਣ ਕਾਰਨ ਨਗਰ ਕੌਂਸਲ ਦੇ ਟੈਂਕਰ ਨਾਲ ਪਾਣੀ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ।


ਉੱਥੇ ਹੀ ਜਿਸ ਦਫ਼ਤਰ ਵਿੱਚ ਮੰਤਰੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ, ਉਹ ਦਫ਼ਤਰ ਦੀ ਛੱਤ ਵੀ ਸਾਉਣ ਮਹੀਨੇ ਦੀ ਪਈ ਪਹਿਲੀ ਬਰਸਾਤ ਕਾਰਨ ਟਪਕ ਰਿਹਾ ਸੀ। ਮੰਤਰੀ ਨੇ ਇਸ ਦੀ ਜਾਂਚ ਕਰਵਾ ਠੀਕ ਕਰਵਾਉਣ ਦਾ ਭਰੋਸਾ ਵੀ ਦਵਾਇਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਵਨ ਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਨੇ ਕਿਹਾ ਕਿ ਸਰਕਾਰ ਹਰਿਆਲੀ ਲਈ ਸੰਜ਼ੀਦਾ ਹੈ। ਆਉਣ ਵਾਲੇ ਸਮੇਂ ਵਿੱਚ ਕਾਬਜ਼ਾਏ ਗਏ ਰਜਵਾਹੇ ਖ਼ਾਲੀ ਕਰਵਾ ਉਸ ਤੇ ਮੁੜ ਫ਼ਲਦਾਰ ਰੁੱਖ ਲਗਾਏ ਜਾਣਗੇ। ਇਸ ਤੋਂ ਵਨ ਵਿਭਾਗ ਦੀ ਆਮਦਨ ਵੱਧ ਸਕੇਗੀ।