Punjab News: ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਬੈਠਣ ਦੀ ਤਸਵੀਰ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ’ਤੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ‘ਆਪ’ ਦੇ ਆਗੂਆਂ ਦੀ ਮੌਜੂਦਗੀ ਸਬੰਧੀ ਸਵਾਲ ਚੁੱਕੇ ਹਨ।

ਬਾਜਾਵਾ ਨੇ ਆਪਣੇ ਫੇਸਬੁੱਕ ਪੇਜ ਉਪਰ ਲਿਖਿਆ Flight of Hypocrisy: Turbo Edition 🚁“ਹੈਲੀਕਾਪਟਰ ਪੰਜਾਬੀਆਂ ਦਾ, ਪਰ ਕਬਜ਼ਾ ਧਾੜਵੀਆਂ ਦਾ!”ਭਗਵੰਤ ਮਾਨ ਨੇ ਇੱਕ ਵਾਰ ਕਿਹਾ ਸੀ:“ਹੈਲੀਕਾਪਟਰ ‘ਚ ਫਿਰੀ ਜਾਂਦੇ ਨੇਤਾ”ਹੁਣ ਭਗਵੰਤ ਮਾਨ ਖੁਦ ਪਵਨ ਹੰਸ ਨਾਲੋਂ ਜ਼ਿਆਦਾ ਏਅਰਟਾਈਮ ਲੈ ਰਿਹਾ ਹੈ!ਸਰਕਾਰੀ ਹੈਲੀਕਾਪਟਰ ਬਣ ਗਿਆ ਨਿੱਜੀ Uber Air… ਵੱਸ ਦਿੱਲੀ ਵਾਲਿਆਂ ਨੂੰ Pick & Drop ਕਰਨ ਲਈ 🛫

ਦਰਅਸਲ ਸੋਸ਼ਲ ਮੀਡੀਆ ’ਤੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਬੈਠੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਹ ਤਸਵੀਰ ਕਦੋਂ ਦੀ ਹੈ, ਉਸ ਬਾਰੇ ਕਿਸੇ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੀ ਘੇਰਾਬੰਦੀ ਕੀਤੀ ਹੈ। 

ਉਨ੍ਹਾਂ ਕਿਹਾ, ‘ਹੈਲੀਕਾਪਟਰ ਪੰਜਾਬ ਦਾ ਹੈ ਤੇ ਕਬਜ਼ਾ ਕਿਸੇ ਹੋਰ ਵੱਲੋਂ ਕੀਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਹੈਲੀਕਾਪਟਰ ਵਿੱਚ ਆਉਣ-ਜਾਉਣ ’ਤੇ ਸਵਾਲ ਚੁੱਕੇ ਜਾਂਦੇ ਸਨ ਪਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹੈਲੀਕਾਪਟਰਾਂ ਤੋਂ ਬਿਨਾਂ ਪੈਰ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੈਲੀਕਾਰਟਰ ਨੂੰ ਟੈਕਸੀ ਵਾਂਗ ਵਰਤਿਆ ਜਾ ਰਿਹਾ ਹੈ।  

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ ਨੂੰ ਭੰਡਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਦੁਰਵਰਤੋਂ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਦਿੱਲੀ ਦੇ ਆਗੂਆਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਬਾਦੀ ਕਰ ਰਹੇ ਹੈ, ਜੋ ਕਿ ਉਨ੍ਹਾਂ ਨੂੰ ਇੱਧਰ-ਉੱਧਰ ਲਿਜਾ ਕੇ ਕੰਡਕਟਰ ਵਜੋਂ ਕੰਮ ਕਰ ਰਹੇ ਹਨ, ਜਿਸ ਨੇ ਪੰਜਾਬ ਦਾ ਮਾਣ ਵੀ ਘਟਿਆ ਹੈ। ਪੰਜਾਬ ਦੇ ਖਜ਼ਾਨੇ ਦੀ ਕੀਤੀ ਦੁਰਵਰਤੋਂ ਕਰਨ ਦੇ ਨਤੀਜੇ ਭੁਗਤਨੇ ਪੈਣਗੇ।