ਸੰਘਣੇ ਕੋਹਰੇ ਦੀ ਲਪੇਟ 'ਚ ਪੰਜਾਬ ਅਤੇ ਚੰਡੀਗੜ੍ਹ ਆ ਗਿਆ ਹੈ। ਸੰਘਣੀ ਧੁੰਦ ਕਰਕੇ ਬੈਕ ਟੂ ਬੈਕ ਵਾਹਨਾਂ ਦੇ ਟਕਰਾਉਣ ਦੀਆਂ ਖਬਰਾਂ ਆ ਰਹੀਆਂ ਹਨ। ਇਸਦਾ ਸਭ ਤੋਂ ਵੱਧ ਅਸਰ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਇਸ ਤੋਂ ਇਲਾਵਾ ਤਰਨਤਾਰਨ, ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਮੋਹਾਲੀ, ਫਤਿਹਗੜ੍ਹ ਸਾਹਿਬ, ਰੂਪਨਗਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫਰੀਦਕੋਟ, ਫ਼ਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿੱਚ ਵੀ ਕੋਹਰੇ ਦਾ ਅਸਰ ਨਜ਼ਰ ਆ ਰਿਹਾ ਹੈ।
ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਬਣੀ ਹਾਦਸੇ ਦਾ ਸ਼ਿਕਾਰ
ਸ਼ੁੱਕਰਵਾਰ ਸਵੇਰੇ ਜਲੰਧਰ-ਚੰਡੀਗੜ੍ਹ ਰੋਡ ‘ਤੇ ਬਲਾਚੌਰ ਨੇੜੇ ਘਣੇ ਕੋਹਰੇ ਕਾਰਨ ਨੈਸ਼ਨਲ ਹਾਈਵੇ ‘ਤੇ ਖੜ੍ਹੀ ਇੱਕ ਟਰਾਲੀ ਨਾਲ ਐਂਬੂਲੈਂਸ ਦੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਐਂਬੂਲੈਂਸ ਬੁਰੀ ਤਰ੍ਹਾਂ ਨੁਕਸਾਨੀ ਗਈ। ਮਿਲੀ ਜਾਣਕਾਰੀ ਮੁਤਾਬਕ ਐਂਬੂਲੈਂਸ ਡਰਾਈਵਰ ਮਰੀਜ਼ ਨੂੰ ਲੈ ਕੇ ਜਾ ਰਿਹਾ ਸੀ, ਇਸ ਦੌਰਾਨ ਇਹ ਹਾਦਸਾ ਵਾਪਰਿਆ।
ਇਸ ਤੋਂ ਬਾਅਦ ਮੌਕੇ ‘ਤੇ ਦੂਜੀ ਐਂਬੂਲੈਂਸ ਬੁਲਾਈ ਗਈ, ਜਿਸ ਵਿੱਚ ਮਰੀਜ਼ ਨੂੰ ਸ਼ਿਫਟ ਕਰਕੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ, ਜਿੱਥੇ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਨੂੰ ਸੜਕ ਦੇ ਕਿਨਾਰੇ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਘਣੇ ਕੋਹਰੇ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਹੋ ਗਈ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।
ਸਕੂਲ ਵੈਨ ਅਤੇ ਆਲਟੋ ਕਾਰ ਦੀ ਟੱਕਰ
ਅੰਮ੍ਰਿਤਸਰ ਦੇ ਅਜਨਾਲਾ ਵਿੱਚ ਕੋਹਰੇ ਕਾਰਨ ਸਿਵਲ ਹਸਪਤਾਲ ਨੇੜੇ ਇੱਕ ਸਕੂਲ ਵੈਨ ਅਤੇ ਆਲਟੋ ਕਾਰ ਦੀ ਟੱਕਰ ਹੋ ਗਈ। ਕਾਰ ਚਾਲਕ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ। ਟੱਕਰ ਨਾਲ ਕਾਰ ਦਾ ਅੱਗੇਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ, ਹਾਲਾਂਕਿ ਕਾਰ ਵਿੱਚ ਬੈਠੇ ਬੱਚੇ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਸਕੂਲ ਵੈਨ ਦਾ ਡਰਾਈਵਰ ਕੋਹਰੇ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਨੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਭੇਜ ਦਿੱਤਾ ਹੈ। ਕਾਰ ਮਾਲਕ ਨੇ ਦੋਸ਼ ਲਗਾਇਆ ਕਿ ਸਕੂਲ ਵੈਨ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ। ਉਨ੍ਹਾਂ ਨੇ ਸਕੂਲਾਂ ਵਿੱਚ ਤੁਰੰਤ ਛੁੱਟੀਆਂ ਦਾ ਐਲਾਨ ਕਰਨ ਦੀ ਮੰਗ ਕੀਤੀ। ਹਾਲਾਂਕਿ ਸਰਕਾਰ ਪਹਿਲਾਂ ਹੀ 21 ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਚੁੱਕੀ ਹੈ।
ਕਾਲਜ ਬੱਸ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਦਰੜਿਆ
ਮੋਗਾ ਵਿੱਚ ਫ਼ਿਰੋਜ਼ਪੁਰ ਮੈਨ ਰੋਡ ‘ਤੇ ਸਰਕਾਰੀ ਗੈਸਟ ਹਾਊਸ ਦੇ ਸਾਹਮਣੇ ਇੱਕ ਕਾਲਜ ਬੱਸ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ। ਬੱਸ ਮੋਗਾ ਤੋਂ ਫ਼ਿਰੋਜ਼ਪੁਰ ਵੱਲ ਜਾ ਰਹੀ ਸੀ, ਜਦਕਿ ਵਿਅਕਤੀ ਸੜਕ ਦੇ ਕਿਨਾਰੇ ਚੱਲ ਰਿਹਾ ਸੀ। ਕੋਹਰੇ ਕਾਰਨ ਬੱਸ ਡਰਾਈਵਰ ਨੂੰ ਉਹ ਨਜ਼ਰ ਨਹੀਂ ਆਇਆ। ਬੱਸ ਦੀ ਟੱਕਰ ਨਾਲ ਉਹ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।