Forest Land Scam: ਜੰਗਲਾਤ ਘੋਟਾਲੇ ਦੀ ਜਾਂਚ ਹੁਣ ਈਡੀ (Enforcement Directorate) ਦੇ ਹੱਥਾਂ 'ਚ ਆਉਂਦੀ ਲੱਗਦੀ ਹੈ। ਈਡੀ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ 'ਤੇ ਦਰਜ ਐੱਫਆਈਆਰ ਦੀ ਕਾਪੀ ਮੰਗੀ ਗਈ ਹੈ ਅਤੇ ਹੁਣ ਮਨੀ ਟ੍ਰਾਂਜ਼ੈਕਸ਼ਨ ਦੀ ਜਾਂਚ ਕੀਤੀ ਜਾਵੇਗੀ ਜਿਸ ਦੇ ਬਾਅਦ ਇਹਨਾਂ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਦਸ ਦਈਏ ਕਿ ਧਰਮਸੋਤ ਜੰਗਲਾਤ ਘੁਟਾਲੇ ਵਿੱਚ ਨਾਭਾ ਜੇਲ੍ਹ ਅੰਦਰ ਬੰਦ ਹੈ। ਧਰਮਸੋਤ ਨੇ ਹਾਲ ਹੀ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਤਾਂ ਜੋ ਧਰਮਸੋਤ ਹਾਲੇ ਜੇਲ੍ਹ ਤੋਂ ਬਾਹਰ ਨਾ ਆ ਸਕੇ।
ਦਰਅਸਲ ਜੰਗਲਾਤ ਘੁਟਾਲੇ ਦੀ ਜਾਂਚ ਵਿੱਚ ਵਿਜੀਲੈਂਸ ਨੇ ਧਰਮਸੋਤ ਦੀ ਜਾਇਦਾਦ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਪਤਾ ਲੱਗਾ ਕਿ ਧਰਮਸੋਤ ਦਾ ਮੋਹਾਲੀ ਦੇ ਸੈਕਟਰ 80 ਵਿੱਚ 500 ਗਜ਼ ਦਾ ਪਲਾਟ ਹੈ। ਇਹ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ’ਤੇ ਹੈ। ਇਸ ਨੂੰ ਮਈ 2021 ਵਿੱਚ ਖਰੀਦਿਆ ਗਿਆ ਸੀ। ਗਮਾਡਾ ਦੇ ਰਿਕਾਰਡ ਅਨੁਸਾਰ ਸ਼ੀਲਾ ਦੇਵੀ 31 ਜਨਵਰੀ 2022 ਤੱਕ ਇਸ ਦੀ ਮਾਲਕ ਸੀ। 2 ਮਾਰਚ ਨੂੰ ਇਸ ਨੂੰ ਰਾਜਕੁਮਾਰ ਤੇ ਕਸ਼ਮੀਰ ਸਿੰਘ ਦੇ ਨਾਂ 'ਤੇ ਤਬਦੀਲ ਕਰਨ ਦੀ ਤਜਵੀਜ਼ ਰੱਖੀ ਗਈ ਸੀ।
ਵਿਜੀਲੈਂਸ ਨੇ ਇਸ ਪਲਾਟ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਵੀ ਭੇਜਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਧਰਮਸੋਤ ਨੇ ਨਾਭਾ ਸੀਟ ਤੋਂ ਚੋਣ ਲੜਨ ਸਮੇਂ ਜਾਇਦਾਦ ਦੇ ਹਲਫਨਾਮੇ ਵਿੱਚ ਪਤਨੀ ਦੇ ਨਾਂ 500 ਗਜ਼ ਦੇ ਰਿਹਾਇਸ਼ੀ ਪਲਾਟ ਦੀ ਜਾਣਕਾਰੀ ਨਹੀਂ ਦਿੱਤੀ ਸੀ। ਅਜਿਹਾ ਕਰਕੇ, ਧਰਮਸੋਤ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 125ਏ ਤਹਿਤ ਜੁਰਮ ਕੀਤਾ ਹੈ। ਇਸ 'ਤੇ ਕਾਰਵਾਈ ਲਈ ਚੋਣ ਕਮਿਸ਼ਨ ਦੇ ਦਿੱਲੀ ਸਥਿਤ ਹੈੱਡਕੁਆਰਟਰ ਨੂੰ ਪੱਤਰ ਭੇਜਿਆ ਗਿਆ ਸੀ।
ਚੰਨੀ ਸਰਕਾਰ 'ਚ ਜੰਗਲਾਤ ਮੰਤਰੀ ਬਣੇ ਧਰਮਸੋਤ ਦੀ ਥਾਂ ਸੰਗਤ ਸਿੰਘ ਗਿਲਜੀਆਂ ਦੇ ਸਮੇਂ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲ਼ੱਗੇ ਹਨ ਜਿਸ ਵਿੱਚ ਉਨ੍ਹਾਂ ਦਾ ਭਤੀਜਾ ਦਲਜੀਤ ਗਿਲਜੀਆਂ ਵੀ ਸ਼ਾਮਲ ਹੈ। ਕੇਸ ਦਰਜ ਹੋਣ ਤੋਂ ਬਾਅਦ ਗਿਲਜ਼ੀਆਂ ਰੂਪੋਸ਼ ਹੋ ਗਏ ਅਤੇ ਫਿਰ ਹਾਈਕੋਰਟ ਤੋਂ ਜ਼ਮਾਨਤ ਲੈ ਲਈ। ਉਹਨਾਂ ਦਾ ਭਤੀਜਾ ਦਲਜੀਤ ਜੇਲ੍ਹ ਵਿੱਚ ਹੈ।