Punjab News: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਤੇ ਸਾਬਕਾ ਅਕਾਲੀ ਮੰਤਰੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ 'ਫਖਰ-ਏ-ਕੌਮ' ਖਿਤਾਬ ਵਾਪਸ ਲੈ ਲਿਆ ਹੈ। ਪੰਜ ਸਿੰਘ ਸਹਿਬਾਨ ਵੱਲੋਂ ਸੁਖਬੀਰ ਬਾਦਲ ਤੇ ਸਾਬਕਾ ਅਕਾਲੀ ਮੰਤਰੀਆਂ ਨੂੰ ਬਰਤਨ ਸਾਫ ਕਰਨ ਤੇ ਲੰਗਰ ਦੀ ਸੇਵਾ ਲਾਈ ਗਈ ਹੈ। ਇਸ ਤੋਂ ਇਲਾਵਾ ਟਾਇਲਟ ਸਫਾਈ ਦੀ ਸਜ਼ਾ ਵੀ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਾਰੇ ਸਜ਼ਾਯਾਫਤਾ ਲੀਡਰ ਕੀਰਤਨ ਸਰਵਨ ਕਰਨ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਕੋਰ ਕਮੇਟੀ ਦੇ ਮੈਂਬਰ ਤੇ ਸਾਲ 2015 ਵਿੱਚ ਕੈਬਨਿਟ ਮੈਂਬਰ ਰਹੇ ਆਗੂ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫ਼ਾਈ ਕਰਨਗੇ। ਇਸ ਤੋਂ ਬਾਅਦ ਉਹ ਇਸ਼ਨਾਨ ਕਰਕੇ ਲੰਗਰ ਘਰ ਵਿੱਚ ਸੇਵਾ ਕਰਨਗੇ। ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਰਛਾ ਲੈ ਕੇ ਬੈਠਣਗੇ। ਉਨ੍ਹਾਂ ਨੂੰ ਆਪਣੇ ਗਲੇ ਵਿੱਚ ਤਖ਼ਤੀ ਪਾਉਣੀ ਪਵੇਗੀ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਐਵਾਰਡ ਵਾਪਸ ਲੈ ਲਿਆ ਗਿਆ ਹੈ।
ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਮਵਾਰ ਨੂੰ ਪੰਜ ਸਿੱਖ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਕਾਲੀ ਲੀਡਰਾਂ ਦੀ ਸਜ਼ਾ ਬਾਰੇ ਚਰਚਾ ਹੋਈ। ਸਭ ਤੋਂ ਪਹਿਲਾਂ ਸਾਰੇ ਲੀਡਰਾਂ ਦੇ ਬਿਆਨ ਦਰਜ ਕੀਤੇ ਗਏ। ਇਸ ਦੌਰਾਨ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ ਦੇਣ ਸਬੰਧੀ ਆਪਣੀ ਗਲਤੀ ਕਬੂਲ ਕਰ ਲਈ। ਜਦਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਇਸ ਦੇ ਨਾਲ ਹੀ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਕਰਨੈਲ ਸਿੰਘ ਪੰਜੋਲੀਅਤੇ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਾਕਾਰ ਦਿੱਤਾ।
ਅਕਾਲੀ ਆਗੂ ਜਨਮੇਜਾ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਮੰਨੀਆਂ ਗਈਆਂ ਗਲਤੀਆਂ ਕੈਬਨਿਟ ਦਾ ਏਜੰਡਾ ਨਹੀਂ ਸੀ ਪਰ ਉਸ ਦਾ ਅਫ਼ਸੋਸ ਨਹੀਂ ਕੀਤਾ। ਇਸ ਲਈ ਅਸੀਂ ਸਾਰੇ ਇਸ ਵਿੱਚ ਭਾਗੀਦਾਰ ਹਾਂ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ 2007 ਤੋਂ 2009 ਤੇ 2009 ਤੋਂ 2012 ਤੱਕ ਮੰਤਰੀ ਮੰਡਲ ਦਾ ਹਿੱਸਾ ਨਹੀਂ ਸੀ। ਮੈਂ 2012 ਤੋਂ 2017 ਤੱਕ ਕੈਬਨਿਟ ਦਾ ਹਿੱਸਾ ਸੀ। ਕੈਬਨਿਟ ਮੀਟਿੰਗ ਵਿੱਚ ਡੇਰਾ ਮੁਖੀ ਨੂੰ ਮੁਆਫ਼ੀ ਜਾਂ ਫਿਰ ਜਿੰਨੇ ਵੀ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਕਦੇ ਵੀ ਵਿਚਾਰੇ ਨਹੀਂ ਗਏ ਪਰ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ ਕਿ ਮੈਂ ਉਸ ਮੰਤਰੀ ਮੰਡਲ ਦਾ ਹਿੱਸਾ ਸੀ। ਇਸ ਲਈ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।
ਅੱਜ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 2017 ਤੱਕ ਦੀ ਸਰਕਾਰ ਦੇ ਸਾਬਕਾ ਮੰਤਰੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ 2015 ਦੀ ਕਾਰਜਕਾਰਨੀ ਦੇ ਮੈਂਬਰ ਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕੀਤਾ ਗਿਆ ਗਿਆ। ਸੁਖਬੀਰ ਬਾਦਲ ਲੱਤ 'ਚ ਫਰੈਕਚਰ ਹੋਣ ਕਾਰਨ ਵ੍ਹੀਲਚੇਅਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਇਸ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਵੀ ਸਿਰਸਾ ਪਹੁੰਚੇ।
ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 30 ਅਗਸਤ ਨੂੰ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਸੁਖਬੀਰ ਬਾਦਲ ਤੇ 17 ਸਾਬਕਾ ਅਕਾਲੀ ਮੰਤਰੀਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਸੌਂਪ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ 3 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਹੁਣ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇ।