Punjab Lottery: ਸੇਵਾ ਦਾ ਫਲ ਹਮੇਸ਼ਾਂ ਮਿੱਠਾ ਹੁੰਦਾ ਹੈ। ਅਜਿਹੀ ਹੀ ਮਿਸਾਲ ਫਤਿਹਗੜ੍ਹ ਸਾਹਿਬ ਵਿੱਚ ਵੇਖਣ ਨੂੰ ਮਿਲੀ। ਇੱਥੇ ਸ਼ਹੀਦੀ ਸਭਾ ਵਿੱਚ ਲੰਗਰ ਵਰਤਾਉਂਦਾ ਇੱਕ ਕਿਸਾਨ ਕਰੋੜਪਤੀ ਬਣ ਗਿਆ। ਦਰਅਸਲ ਉਸ ਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਉਸ ਨੇ ਸਿਰਫ 7 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। 

Continues below advertisement

ਦਰਅਸਲ ਫਤਿਹਗੜ੍ਹ ਸਾਹਿਬ ਵਿੱਚ ਇੱਕ ਕਿਸਾਨ ਨੇ 7 ਰੁਪਏ ਦੀ ਲਾਟਰੀ ਟਿਕਟ ਖਰੀਦ ਕੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਕਿਸਾਨ ਬਲਕਾਰ ਸਿੰਘ ਨੇ 24 ਦਸੰਬਰ ਨੂੰ ਸਰਹਿੰਦ ਦੇ ਬਿੱਟੂ ਲਾਟਰੀ ਸਟਾਲ ਤੋਂ ਸਿੱਕਮ ਸਟੇਟ ਲਾਟਰੀ ਟਿਕਟ ਖਰੀਦੀ ਸੀ। ਉਸ ਦਿਨ ਲਾਟਰੀ ਦੇ ਨਤੀਜੇ ਐਲਾਨੇ ਗਏ ਸਨ ਪਰ ਇਸ ਵੱਡੇ ਇਨਾਮ ਬਾਰੇ ਜਾਣਕਾਰੀ ਕਈ ਦਿਨਾਂ ਤੋਂ ਉਪਲਬਧ ਨਹੀਂ ਸੀ।

ਦੱਸ ਦਈਏ ਕਿ ਬਲਕਾਰ ਸਿੰਘ ਪਿਛਲੇ 10 ਸਾਲਾਂ ਤੋਂ ਇਸ ਸਟਾਲ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਹੈ। ਉਸ ਨੇ ਪਹਿਲਾਂ ਛੋਟੇ ਇਨਾਮ ਜਿੱਤੇ ਹਨ, ਜਿਸ ਵਿੱਚ ਇੱਕ ਵਾਰ 90,000 ਰੁਪਏ ਜਿੱਤੇ ਸਨ। ਮਾਜਰੀ ਸੋਢੀਆਂ ਪਿੰਡ ਦਾ ਰਹਿਣ ਵਾਲਾ ਬਲਕਾਰ ਖੇਤੀ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।

Continues below advertisement

ਲਾਟਰੀ ਸਟਾਲ ਮਾਲਕ ਮੁਕੇਸ਼ ਕੁਮਾਰ ਬਿੱਟੂ ਨੇ ਕਿਹਾ ਕਿ ਉਹ 45 ਸਾਲਾਂ ਤੋਂ ਲਾਟਰੀ ਕਾਰੋਬਾਰ ਵਿੱਚ ਹੈ। ਉਸ ਦੇ ਸਟਾਲ ਤੋਂ ਪਹਿਲਾਂ ਵੀ 10 ਲੱਖ ਰੁਪਏ ਤੱਕ ਦੇ ਇਨਾਮ ਕੱਢੇ ਜਾ ਚੁੱਕੇ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਗਿਆ ਹੈ।

ਉਸ ਨੇ ਦੱਸਿਆ ਕਿ ਲਾਟਰੀ 24 ਦਸੰਬਰ ਨੂੰ ਕੱਢੀ ਗਈ ਸੀ ਤੇ ਨਤੀਜੇ ਉਸੇ ਦਿਨ ਐਲਾਨੇ ਗਏ ਸਨ। ਹਾਲਾਂਕਿ, ਫਤਿਹਗੜ੍ਹ ਸਾਹਿਬ ਵਿੱਚ ਚੱਲ ਰਹੇ ਸ਼ਹੀਦੀ ਦਿਵਸ ਸਮਾਗਮ ਦੌਰਾਨ, ਉਹ ਲਗਾਤਾਰ ਤਿੰਨ ਦਿਨ ਲੰਗਰ ਦੀ ਸੇਵਾ ਵਿੱਚ ਰੁੱਝਿਆ ਰਿਹਾ, ਜਿਸ ਕਾਰਨ ਉਸ ਦਾ ਕਾਰੋਬਾਰ ਬੰਦ ਰਿਹਾ ਤੇ ਉਸ ਨੂੰ ਜਾਣਕਾਰੀ ਨਹੀਂ ਮਿਲ ਸਕੀ। ਮੁਕੇਸ਼ ਕੁਮਾਰ ਬਿੱਟੂ ਨੇ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਉਸ ਨੇ ਤੁਰੰਤ ਬਲਕਾਰ ਸਿੰਘ ਨੂੰ ਸੂਚਿਤ ਕੀਤਾ ਕਿ ਉਸ ਨੇ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।

ਬਲਕਾਰ ਸਿੰਘ ਨੇ ਆਪਣੀ ਜਿੱਤ ਨੂੰ ਗੁਰੂ ਸਾਹਿਬ ਦਾ ਆਸ਼ੀਰਵਾਦ ਦੱਸਿਆ। ਉਸ ਨੇ ਕਿਹਾ ਕਿ ਉਹ ਪੈਸੇ ਦੀ ਵਰਤੋਂ ਆਪਣੇ ਖੇਤੀਬਾੜੀ ਦੇ ਕੰਮ ਨੂੰ ਅੱਗੇ ਵਧਾਉਣ ਲਈ ਕਰੇਗਾ। ਇਸ ਤੋਂ ਇਲਾਵਾ, ਉਸ ਨੇ ਇਹ ਵੀ ਕਿਹਾ ਕਿ ਉਹ ਇਨਾਮੀ ਰਾਸ਼ੀ ਦਾ ਲਗਪਗ 10 ਪ੍ਰਤੀਸ਼ਤ ਲੋੜਵੰਦਾਂ ਦੀ ਮਦਦ ਲਈ ਖਰਚ ਕਰੇਗਾ।

ਦੱਸ ਦਈਏ ਕਿ ਸਿੱਕਮ ਸਟੇਟ ਲਾਟਰੀ ਰੋਜ਼ਾਨਾ ਕੱਢੀ ਜਾਂਦੀ ਹੈ। ਲਾਟਰੀ ਡੀਲਰ ਮੁਕੇਸ਼ ਕੁਮਾਰ ਅਨੁਸਾਰ ਇਹ ਲਾਟਰੀ ਡਰਾਅ ਦਿਨ ਵਿੱਚ ਤਿੰਨ ਵਾਰ ਹੁੰਦਾ ਹੈ। ਪਹਿਲਾ ਡਰਾਅ ਦੁਪਹਿਰ 1 ਵਜੇ, ਦੂਜਾ ਸ਼ਾਮ 6 ਵਜੇ ਤੇ ਤੀਜਾ ਰਾਤ 8 ਵਜੇ ਹੁੰਦਾ ਹੈ। ਇੱਕ ਟਿਕਟ ਦੀ ਕੀਮਤ ₹7 ਹੈ। ਬਹੁਤ ਸਾਰੇ ਲੋਕ ਪੂਰੀ ਲਾਟਰੀ ਬੁੱਕ ਵੀ ਖਰੀਦਦੇ ਹਨ, ਜਿਸ ਦੀ ਕੀਮਤ ਲਗਪਗ ₹140 ਹੈ।