ਲੁਧਿਆਣਾ: ਸਿੱਖ ਫਾਰ ਜਸਟਿਸ (SFJ) ਵੱਲੋਂ ਅੱਜ ਯਾਨੀ 3 ਜੂਨ ਨੂੰ ਪੰਜਾਬ ਵਿੱਚ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਲੁਧਿਆਣਾ 'ਚ ਹਰ ਪਾਸੇ ਨਜ਼ਰ ਰੱਖੀ ਜਾ ਰਹੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵੱਲੋਂ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ ਗਿਆ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜੀਆਰਪੀ ਤੇ ਆਰਪੀਐਫ ਅਧਿਕਾਰੀਆਂ ਨੇ ਸਟੇਸ਼ਨ 'ਤੇ ਚੈਕਿੰਗ ਮੁਹਿੰਮ ਚਲਾਈ।
ਰੇਲ ਗੱਡੀਆਂ, ਪਲੇਟਫਾਰਮਾਂ ਦੀ ਮੁਕੰਮਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਸ਼ਹਿਰ 'ਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਫਲੈਗ ਮਾਰਚ ਵੀ ਕੱਢੇ ਗਏ। ਦੱਸ ਦਈਏ ਕਿ 6 ਜੂਨ ਦੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਚੌਕਸੀ ਵਰਤੀ ਜਾ ਰਹੀ ਹੈ। ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਈ ਗਈ ਹੈ ਉੱਥੇ ਹੀ ਪੀਸੀਆਰ ਟੀਮਾਂ ਨੂੰ 24 ਘੰਟੇ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਬੀਐਸਐਫ ਦੇ ਜਵਾਨਾਂ ਸਮੇਤ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਵੱਲੋਂ ਚੌੜਾ ਬਾਜ਼ਾਰ, ਗਿਰਜਾ ਚੌਕ, ਮੀਨਾ ਬਾਜ਼ਾਰ, ਘੰਟਾ ਘਰ ਸਮੇਤ ਹੋਰ ਪ੍ਰਮੁੱਖ ਥਾਵਾਂ 'ਤੇ ਫਲੈਗ ਮਾਰਚ ਕੀਤਾ ਗਿਆ| ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਰੇਲਵੇ ਟਰੈਕਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਹਨ।
ਇਸ ਕਾਰਨ ਅੰਬਾਲਾ ਪੁਲਿਸ ਵੀ ਚੌਕਸ ਹੈ। ਅੰਬਾਲਾ ਰੇਲਵੇ ਸਟੇਸ਼ਨ 'ਤੇ ਜੀਆਰਪੀ ਤੇ ਆਰਪੀਐਫ ਸਾਂਝੇ ਤੌਰ 'ਤੇ ਚੌਕਸੀ ਰੱਖ ਰਹੇ ਹਨ। ਦਿਨ ਵਿੱਚ ਦੋ ਤੋਂ ਤਿੰਨ ਵਾਰ ਆਉਣ-ਜਾਣ ਵਾਲੇ ਦੀ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖੁਫੀਆ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੈ।
ਅੱਜ ਟ੍ਰੇਨ ਰੋਕਣ ਦੀ ਦਿੱਤੀ ਸੀ ਚਿਤਾਵਨੀ
ਕੁਝ ਦਿਨ ਪਹਿਲਾਂ ਪੰਨੂ ਨੇ ਹਰਿਆਣਾ ਸਰਕਾਰ ਨੂੰ 3 ਜੂਨ ਨੂੰ ਅੰਬਾਲਾ ਵਿੱਚ ਰੇਲ ਗੱਡੀ ਰੋਕਣ ਦੀ ਚਿਤਾਵਨੀ ਦਿੱਤੀ ਸੀ। ਚੇਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਸਰਕਾਰ ਨੂੰ ਟਰੇਨ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਅੰਬਾਲਾ ਕੈਂਟ ਰੇਲਵੇ ਸਟੇਸ਼ਨ 'ਤੇ ਜੀਆਰਪੀ ਤੇ ਆਰਪੀਐਫ ਤਿਆਰ ਹਨ।
ਪੁਲਿਸ ਚੌਕਸ
ਜੀਆਰਪੀ ਦੇ ਐਸਐਚਓ ਧਰਮਵੀਰ ਸਿੰਘ ਨੇ ਦੱਸਿਆ ਕਿ ਪੰਨੂ ਨੇ ਟਵਿੱਟਰ ਰਾਹੀਂ ਸਰਕਾਰ ਨੂੰ 3 ਜੂਨ ਨੂੰ ਰੇਲ ਗੱਡੀਆਂ ਰੋਕਣ ਦੀ ਧਮਕੀ ਦਿੱਤੀ ਸੀ। ਇਸੇ ਨੂੰ ਮੁੱਖ ਰੱਖਦਿਆਂ ਪੁਲਿਸ ਚੌਕਸੀ ਰੱਖ ਰਹੀ ਹੈ। ਡੌਗ ਸਕੁਐਡ ਨਾਲ ਦਿਨ ਵੇਲੇ ਸਟੇਸ਼ਨ ਤੇ ਰੇਲ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।