Flood in Punjab: ਪੰਜਾਬ ਦੇ ਛੇ ਜ਼ਿਲ੍ਹਿਆਂ 'ਚ ਹੜ੍ਹਾਂ ਨੇ ਮੱਚਾਈ ਤਬਾਹੀ! ਨੱਕੋ-ਨੱਕ ਭਰੇ ਡੈਮ, ਮੌਸਮ ਵਿਭਾਗ ਵੱਲੋਂ ਚੇਤਾਵਨੀ
Flood in Punjab: ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਰਕੇ ਪੰਜਾਬ ਵਿੱਚ ਹੜ੍ਹ ਤਬਾਹੀ ਮਚਾ ਰਹੇ ਹਨ। ਇਸ ਵੇਲੇ ਪੰਜਾਬ ਦੇ ਛੇ ਜ਼ਿਲ੍ਹਿਆਂ ਅੰਦਰ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਦਰਿਆ ਬਿਆਸ ਤੇ ਸੱਤਲੁਜ ਕੰਢੇ ਵੱਸੇ ਪਿੰਡਾਂ...

Flood in Punjab: ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਰਕੇ ਪੰਜਾਬ ਵਿੱਚ ਹੜ੍ਹ ਤਬਾਹੀ ਮਚਾ ਰਹੇ ਹਨ। ਇਸ ਵੇਲੇ ਪੰਜਾਬ ਦੇ ਛੇ ਜ਼ਿਲ੍ਹਿਆਂ ਅੰਦਰ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਦਰਿਆ ਬਿਆਸ ਤੇ ਸੱਤਲੁਜ ਕੰਢੇ ਵੱਸੇ ਪਿੰਡਾਂ ਅੰਦਰ ਪਾਣੀ ਭਰ ਗਿਆ ਹੈ। ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਹਨ। ਲੋਕ ਘਰ ਛੱਡ ਕੇ ਉੱਚੀਆਂ ਥਾਵਾਂ ਉਪਰ ਜਾਣ ਲਈ ਮਜਬੂਰ ਹਨ। ਇਸ ਲਈ ਲੋਕਾਂ ਅੰਦਰ ਸਰਕਾਰ ਪ੍ਰਤੀ ਵੀ ਕਾਫੀ ਰੋਸ ਹੈ।
ਉਧਰ ਮਾਨਸੂਨ ਮੁੜ ਐਕਟਿਵ ਹੋ ਗਈ ਹੈ। ਇਸ ਲਈ ਅੱਜ ਵੀ ਪੰਜਾਬ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਦੇ ਨਾਲ ਲੱਗਦੇ ਚਾਰ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਭਾਰੀ ਤੇ ਆਮ ਤੋਂ ਵੱਧ ਮੀਂਹ ਪੈ ਸਕਦਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਹਲਕਾ ਜਾਂ ਆਮ ਮੀਂਹ ਪਵੇਗਾ। ਇਸ ਨਾਲ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਸਰਕਾਰੀ ਸੂਤਰਾਂ ਮੁਤਾਬਕ ਪਹਾੜਾਂ ਵਿੱਚ ਮੀਂਹ ਨੇ ਪੰਜਾਬ ਵਿੱਚ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਡੈਮ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਏ ਹਨ, ਜਦੋਂਕਿ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਹੈ। ਅੱਜ ਸਵੇਰੇ ਪੌਂਗ ਡੈਮ ਦਾ ਪਾਣੀ ਦਾ ਪੱਧਰ 1382.8 ਫੁੱਟ ਦਰਜ ਕੀਤਾ ਗਿਆ, ਜੋ 1380 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਇਸ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1663.34 ਫੁੱਟ ਤੱਕ ਪਹੁੰਚ ਗਿਆ ਜੋ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਹੇਠਾਂ ਹੈ। ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਇੱਥੇ ਪਾਣੀ ਦਾ ਪੱਧਰ 1712.7 ਫੁੱਟ ਦਰਜ ਕੀਤਾ ਗਿਆ, ਜੋ 1730 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਹੇਠਾਂ ਹੈ। ਇਸ ਦੇ ਨਾਲ ਹੀ ਸੁਖਨਾ ਝੀਲ ਦੇ ਗੇਟ ਵੀ ਖੋਲ੍ਹ ਦਿੱਤੇ ਗਏ ਹਨ, ਜਿਸ ਕਾਰਨ ਘੱਗਰ ਵਿੱਚ ਪਾਣੀ ਵਧਣ ਦਾ ਖ਼ਤਰਾ ਹੈ। ਇਸ ਦਾ ਪ੍ਰਭਾਵ ਪਟਿਆਲਾ ਵਿੱਚ ਦੇਖਿਆ ਜਾ ਸਕਦਾ ਹੈ।
ਉਧਰ, ਜੰਮੂ-ਕਸ਼ਮੀਰ ਵਿੱਚ ਮੀਂਹ ਤੋਂ ਬਾਅਦ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਪਠਾਨਕੋਟ ਦੀਆਂ ਕਈ ਚੌਕੀਆਂ ਤੇ ਸਰਹੱਦੀ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਪਠਾਨਕੋਟ ਦੇ ਕੁਝ ਪਿੰਡਾਂ ਵਿੱਚ ਪਾਣੀ 2 ਤੋਂ 3 ਫੁੱਟ ਵਧ ਗਿਆ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਬਿਆਸ ਆਪਣੇ ਭਿਆਨਕ ਰੂਪ ਵਿੱਚ ਹੈ। ਹੁਸ਼ਿਆਰਪੁਰ, ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਤਰਨ ਤਾਰਨ ਹੜ੍ਹਾਂ ਦੀ ਲਪੇਟ ਵਿੱਚ ਹਨ। ਇਸ ਦੇ ਨਾਲ ਹੀ ਸਤਲੁਜ ਕਾਰਨ ਫਾਜ਼ਿਲਕਾ ਵਿੱਚ ਮੁਸ਼ਕਲਾਂ ਵਧ ਗਈਆਂ ਹਨ। ਤਰਨ ਤਾਰਨ ਦੇ ਹਰੀਕੇ ਹੈੱਡਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਪਿੰਡ ਹੜ੍ਹ ਵਿੱਚ ਡੁੱਬ ਗਏ ਹਨ।






















