ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬੰਗਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਤ੍ਰਿਲੋਚਨ ਸਿੰਘ ਸੂੰਢ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਉਹ ਇੱਕ ਹੋਟਲ ਵਿੱਚ ਰੁੱਕੇ ਹੋਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੇ ਓਥੇ ਹੀ ਆਖ਼ਰੀ ਸਾਂਹ ਲਈ। ਉਨ੍ਹਾਂ ਦੇ ਇਸ ਅਚਾਨਕ ਦੇਹਾਂਤ ਦੀ ਖ਼ਬਰ ਫੈਲਦੇ ਹੀ ਸਾਰੇ ਰਾਜਨੀਤਿਕ ਮੰਡਲ ਵਿੱਚ ਸੋਗ ਦੀ ਲਹਿਰ ਦੌੜ ਗਈ।
ਦਿਲ ਦੇ ਦੌਰੇ ਕਰਕੇ ਹੋਈ ਮੌਤ
ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀਆਂ ਉਪਚੋਣਾਂ ਲਈ ਪਿਛਲੇ ਕਈ ਦਿਨਾਂ ਤੋਂ ਪ੍ਰਚਾਰ ਕਰਨ ਤਰਨਤਾਰਨ ਪਹੁੰਚੇ ਬੰਗਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਨੂੰ ਪ੍ਰਚਾਰ ਮਗਰੋਂ ਆਪਣੇ ਕਮਰੇ ਵਿੱਚ ਆਰਾਮ ਕਰਦੇ ਸਮੇਂ ਦਿਲ ਦਾ ਦੌਰਾ ਪਿਆ। ਸੁਰੱਖਿਆ ਕਰਮਚਾਰੀਆਂ ਵੱਲੋਂ ਤਰਨਤਾਰਨ ਵਿੱਚ ਮੌਜੂਦ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਸੂਚਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੰਜਾਬ ਕਾਂਗਰਸ 'ਚ ਸੋਗ ਦੀ ਲਹਿਰ
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਕਾਂਗਰਸ 'ਚ ਗਹਿਰਾ ਸੋਗ ਛਾ ਗਿਆ। ਪੰਜਾਬ ਕਾਂਗਰਸ ਇਕਾਈ ਨੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਤ੍ਰਿਲੋਚਨ ਸੂੰਢ ਦਾ ਜਾਣਾ ਪਾਰਟੀ ਅਤੇ ਰਾਜ ਦੋਹਾਂ ਲਈ ਵੱਡਾ ਘਾਟਾ ਹੈ। ਪਾਰਟੀ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਸੰਘਰਸ਼ ਅਤੇ ਇਮਾਨਦਾਰੀ ਲਈ ਯਾਦ ਕੀਤੇ ਜਾਣਗੇ। ਇਸ ਦੁਖਦਾਈ ਘਟਨਾ ਦੇ ਚਲਦੇ ਕਾਂਗਰਸ ਨੇ 9 ਨਵੰਬਰ ਨੂੰ ਹੋਣ ਵਾਲਾ ਰੋਡ ਸ਼ੋਅ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਸੂਬਾ ਕਾਂਗਰਸ ਨੇਤ੍ਰਿਤਵ ਨੇ ਕਿਹਾ ਕਿ ਫਿਲਹਾਲ ਸਾਰੇ ਪ੍ਰੋਗਰਾਮ ਰੋਕੇ ਜਾਣਗੇ ਅਤੇ ਪਾਰਟੀ ਵਰਕਰ ਸਾਬਕਾ ਵਿਧਾਇਕ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਣਗੇ।
ਰੋਡ ਸ਼ੋਅ ਰੱਦ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਪੋਸਟ ਪਾ ਕੇ ਡੂੰਘਾ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- 'ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਜੀ ਜੋ ਤਰਨ ਤਾਰਨ ਚੋਣਾਂ ਵਿਖੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ, ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਸ ਦੁੱਖਦਾਈ ਘਟਨਾ ਦੇ ਮੱਦੇਨਜ਼ਰ ਕੱਲ ਨੂੰ ਤਰਨ ਤਾਰਨ ਚੋਣਾਂ ਸੰਬੰਧੀ ਕੱਢਿਆ ਜਾਣ ਵਾਲਾ ਰੋਡ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।'