Gangster Goldy Brar: ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਵਿਚਾਲੇ ਗੱਲਬਾਤ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਦੌਰਾਨ ਦੋਵੇਂ ਜਾਣੇ ਆਪਸ ਵਿੱਛ ਕਾਫੀ ਉਲਝਦੇ ਦਿਖਾਈ ਦੇ ਰਹੇ ਹਨ। ਗੋਲਡੀ ਬਰਾੜ ਪੁਲਿਸ ਨੂੰ ਸ਼ਰੇਆਮ ਚੇਤਾਵਨੀ ਦਿੰਦਾ ਨਜ਼ਰ ਆ ਰਿਹਾ ਹੈ ਤੇ ਆਪਣੇ ਸਾਥੀਆਂ ਖਿਲਾਫ ਪੁਲਿਸ ਕਾਰਵਾਈ ਲਈ ਕਹਿ ਰਿਹਾ ਹੈ। ਦੂਜੇ ਪਾਸੇ ਡੀਐਸਪੀ ਬਿਕਰਮਜੀਤ ਬਰਾੜ ਵੀ ਪੁਲਿਸ ਦਾ ਡੰਡਾ ਕਾਇਮ ਰੱਖਣ ਦੀ ਧਮਕੀ ਦਿੰਦੇ ਨਜ਼ਰ ਆ ਰਹੇ ਹਨ।
ਦਰਅਸਲ, ਡੀਐਸਪੀ ਬਿਕਰਮਜੀਤ ਸਿੰਘ ਬਰਾੜ ਤੇ ਸਿੱਧੂ ਮੂਸੇਵਾਲਾ ਦਾ ਕਥਿਤ ਕਤਲ ਕਰਵਾਉਣ ਵਾਲੇ ਮੁੱਖ ਸਾਜ਼ਿਸ਼ਘੜਤਾ ਗੈਂਗਸਟਰ ਗੋਲਡੀ ਬਰਾੜ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਂਝ ਇਹ ਕਾਲ ਰਿਕਾਰਡਿੰਗ ਪੁਰਾਣੀ ਜਾਪ ਰਹੀ ਹੈ ਜਿਸ ਵਿੱਚ ਗੋਲਡੀ ਬਰਾੜ ਨਾਲ ਡੀਐਸਪੀ ਬਰਾੜ ਦੀ ਕਾਫੀ ਗਰਮਾ-ਗਰਮੀ ਹੋ ਰਹੀ ਹੈ। ਇਸ ਵਿੱਚ ਉਹ (ਗੋਲਡੀ) ਇਸ ਸਾਲ ਅਪਰੈਲ ਮਹੀਨੇ ਵਿੱਚ ਰੂਸ ਵਿੱਚ ਕਤਲ ਕੀਤੇ ਗਏ ਗੈਂਗਸਟਰ ਅਜੈ ਰਾਣਾ ਨੂੰ ਪੁਲਿਸ ਦਾ ਮੁਖ਼ਬਰ ਦੱਸ ਰਿਹਾ ਹੈ ਤੇ ਹੋਰ ਮੁਖ਼ਬਰਾਂ ਦਾ ਇਹ ਹੀ ਹਾਲ ਕਰਨ ਦਾ ਦਾਅਵਾ ਕਰ ਰਿਹਾ ਹੈ। ਦੂਜੇ ਪਾਸੇ ਡੀਐਸਪੀ ਵੀ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਵਰਤੀ ਜਾ ਰਹੀ ਸਖ਼ਤੀ ਜਾਰੀ ਰੱਖਣ ਦੀ ਚਿਤਾਵਨੀ ਦੇ ਰਹੇ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਡੀਐਸਪੀ ਬਰਾੜ ਮੋਹਰੀ ਰਹੇ ਹਨ ਜਿਨ੍ਹਾਂ ਵੱਲੋਂ ਹੁਣ ਤੱਕ ਕਈ ਖਤਰਨਾਕ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਕਰੀਬ 10 ਮਿੰਟ ਦੀ ਇਸ ਕਾਲ ਰਿਕਾਰਡਿੰਗ ਵਿੱਚ ਗੈਂਗਸਟਰ ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਇਸ ਸਾਲ ਰੂਸ ਵਿੱਚ ਭੂਪੀ ਰਾਣਾ ਗਰੋਹ ਦੇ ਮੈਂਬਰ ਤੇ ਗੈਂਗਸਟਰ ਅਜੈ ਰਾਣਾ ਦਾ ਕਤਲ ਉਸ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਉਹ ਪੁਲਿਸ ਦੀ ਮੁਖ਼ਬਰੀ ਕਰ ਰਿਹਾ ਸੀ।
ਉਹ ਡੀਐਸਪੀ ਬਰਾੜ ਨੂੰ ਕਹਿ ਰਿਹਾ ਹੈ ਕਿ ਉਨ੍ਹਾਂ ਦੀ ਮੁਖ਼ਬਰੀ ਕਰਨ ਵਾਲੇ ਹਰੇਕ ਦਾ ਇਹੋ ਜਿਹਾ ਹਾਲ ਹੋਵੇਗਾ। ਦੂਜੇ ਪਾਸੇ ਡੀਐਸਪੀ ਬਰਾੜ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਪੁਲਿਸ ਕਾਨੂੰਨ ਤੋੜਨ ਵਾਲੇ ਕਿਸੇ ਵੀ ਗੈਂਗਸਟਰ ਤੇ ਮਾੜੇ ਅਨਸਰ ਨਾਲ ਕੋਈ ਨਰਮੀ ਨਹੀਂ ਵਰਤੇਗੀ ਤੇ ਇਨ੍ਹਾਂ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੇਗੀ। ਡੀਐਸਪੀ ਨੇ ਕਾਲ ਰਿਕਾਰਡਿੰਗ ਵਿੱਚ ਦਾਅਵਾ ਕੀਤਾ ਕਿ ਪੁਲਿਸ ਨੂੰ ਅਜਿਹੇ ਮੁਖ਼ਬਰਾਂ ਦੀ ਲੋੜ ਨਹੀਂ ਸਗੋਂ ਪੁਲਿਸ ਆਪਣੇ ਦਮ ’ਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਮੁੱਖ ਸਾਜ਼ਿਸ਼ਕਾਰ ਸੀ। ਗੋਲਡੀ ਬਰਾੜ ਪਹਿਲਾਂ ਕੈਨੇਡਾ ਵਿੱਚ ਸੀ ਜੋ ਹੁਣ ਅਮਰੀਕਾ ਰਹਿ ਰਿਹਾ ਹੈ। ਗੋਲਡੀ ਬਰਾੜ ਵਿਦੇਸ਼ ਵਿੱਚ ਬੈਠ ਕੇ ਪੰਜਾਬ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਜਿਸ ਨੂੰ ਕਾਬੂ ਕਰਨਾ ਪੰਜਾਬ ਪੁਲਿਸ ਲਈ ਇਕ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਇਸ ਕਾਲ ਰਿਕਾਰਡਿੰਗ ਵਿਚ ਡੀਐਸਪੀ ਬਰਾੜ ਦੀ ਆਵਾਜ਼ ਦੀ ਪੁਸ਼ਟੀ ਹੋ ਗਈ ਹੈ ਪਰ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਹ ਕਾਲ ਕਦੋਂ ਦੀ ਹੈ ਤੇ ਇਸ ਨੂੰ ਕਿਸ ਨੇ ਵਾਇਰਲ ਕੀਤਾ ਹੈ।