Navjor Sidhu: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਰੁੱਧ ਬੋਲਣ ਵਾਲਿਆਂ ਨੂੰ ਰਾਤੋ-ਰਾਤ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਸਿੱਧੂ ਨੇ ਸਵਾਲ ਉਠਾਇਆ ਹੈ ਕਿ ਕੀ 'ਆਪ' ਸਰਕਾਰ ਇਹ ਸਿਸਟਮ ਬਣਾਉਣ ਲਈ ਸੱਤਾ 'ਚ ਆਈ ਸੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਨਾਮ ਤਾਂ ਅਸਲ ਐਫਆਈਆਰ ਵਿੱਚ ਹੀ ਨਹੀਂ ਸੀ। ਇਸ ਦੇ ਬਾਵਜੂਦ ਖਹਿਰਾ ਦੇ ਸਿਰ 'ਤੇ ਕਰੀਬ 10 ਸਾਲਾਂ ਤੋਂ ਤਲਵਾਰ ਲਟਕਾ ਰੱਖੀ ਹੈ। ਸਿੱਧੂ ਨੇ ਕਿਹਾ ਕਿ ਜਦੋਂ ਖਹਿਰਾ ਕੋਲੋਂ ਕੋਈ ਬਰਾਮਦਗੀ ਹੀ ਨਹੀਂ ਹੋਈ ਤਾਂ ਫਿਰ ਉਨ੍ਹਾਂ ਨੂੰ 2015 ਦੇ ਪੁਰਾਣੇ ਕੇਸ ਵਿੱਚ ਜਾਣਬੁੱਝ ਕੇ ਕਿਉਂ ਫਸਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਸ਼ਨੀਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਨਾਭਾ ਜੇਲ੍ਹ 'ਚ ਬੰਦ ਸੁਖਪਾਲ ਸਿੰਘ ਖਹਿਰਾ ਨਾਲ ਅੱਧਾ ਘੰਟਾ ਮੁਲਾਕਾਤ ਕੀਤੀ। ਹਾਲ ਹੀ 'ਚ ਸੁਖਪਾਲ ਖਹਿਰਾ ਨੂੰ ਜਲਾਲਾਬਾਦ ਪੁਲਿਸ ਨੇ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਸ ਮਗਰੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜ ਦਿੱਤਾ ਹੈ। ਸਿੱਧੂ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸਿਸਟਮ ਪੂਰੀ ਤਰ੍ਹਾਂ ਲੜਖੜਾ ਗਿਆ ਹੈ।
ਉਨ੍ਹਾਂ ਕਿਹਾ, ‘‘ਸਰਕਾਰ ਵੱਲੋਂ ਸੁਖਪਾਲ ਖਹਿਰਾ ਨੂੰ ਜਿਸ ਤਰੀਕੇ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ, ਉਸ ਨਾਲ ਖਹਿਰਾ ਦਾ ਕੁਝ ਨਹੀਂ ਗਿਆ ਪਰ ਉਨ੍ਹਾਂ ਦੋ ਲੱਖ ਲੋਕਾਂ ਦੀ ਹੱਤਕ ਹੋਈ ਹੈ, ਜਿਨ੍ਹਾਂ ਨੇ ਖਹਿਰਾ ਨੂੰ ਆਪਣਾ ਨੁਮਾਇੰਦਾ ਚੁਣਿਆ ਸੀ।’’ ਸਾਬਕਾ ਵਿਧਾਇਕ ਨੇ ਆਖਿਆ ਕਿ ਬਿਨਾ ਵਰਦੀ ਪਹਿਨੇ ਇੱਕ ਵਿਅਕਤੀ ਵੱਲੋਂ ਵਿਧਾਇਕ ਨੂੰ ਖਿੱਚ ਲਿਜਾਣ ਨਾਲ ਸਮੁੱਚੀ ਵਿਧਾਨਪਾਲਿਕਾ ਦਾ ਕਥਿਤ ਅਪਮਾਨ ਹੋਇਆ ਤੇ ਇਹ ਕਾਰਵਾਈ ਪੂਰੇ ਸਿਸਟਮ ’ਤੇ ਸਵਾਲ ਖੜ੍ਹੇ ਕਰਦੀ ਹੈ।
ਸਿੱਧੂ ਨੇ ਕਿਹਾ, ‘‘ਇਸ ਪੂਰੇ ਸਿਸਟਮ ’ਚ ਤਬਦੀਲੀ ਦੀ ਲੋੜ ਹੈ, ਜਿਹੜਾ 2015 ਦੇ ਕੇਸ ਵਿੱਚ ਹਾਲੇ ਤੱਕ ਚਲਾਨ ਪੇਸ਼ ਨਹੀਂ ਕਰ ਸਕਿਆ ਪਰ ਫਿਰ ਵੀ ਕਿਸੇ ਦੀ ਜਵਾਬਦੇਹੀ ਤੈਅ ਨਹੀਂ। ਬਸ ਸੱਚ ਬੋਲਣ ਵਾਲਿਆਂ ਉੱਪਰ ਤਲਵਾਰ ਦੀ ਤਰ੍ਹਾਂ ਕੇਸ ਲਟਕਾ ਕੇ ਰੱਖੇ ਜਾਂਦੇ ਹਨ।’’ ਉਨ੍ਹਾਂ ਨੇ ਅਕਾਲੀ ਦਲ ਤੇ ‘ਆਪ’ ਸਣੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸੇ ਸਿਸਟਮ ਦਾ ਹਿੱਸਾ ਦੱਸਿਆ।