Khalistani Terrorist Arshdeep Dalla: ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਨੂੰ ਕੈਨੇਡਾ ‘ਚ ਹਿਰਾਸਤ ‘ਚ ਲਏ ਜਾਣ ਦੀ ਪੁਸ਼ਟੀ ਹੋ ਗਈ ਹੈ। ਅਰਸ਼ ਡੱਲਾ ਦੇ ਨਾਲ ਉਸ ਦਾ ਇੱਕ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ। ਅੱਜ ਦੋਵਾਂ ਨੂੰ ਕੈਨੇਡੀਅਨ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਦੇ ਪੀਲ ਏਰੀਆ 'ਚ ਉਕਤ ਮਾਮਲੇ ਦੀ ਸੁਣਵਾਈ ਹੋਵੇਗੀ। ਅਦਾਲਤ ਵਿੱਚ ਹੋਣ ਵਾਲੀ ਸੁਣਵਾਈ ਦੀ ਲਿਸਟ ਵਿੱਚ ਅਰਸ਼ ਡੱਲਾ ਅਤੇ ਜੰਟਾ ਦੇ ਨਾਂ ਸ਼ਾਮਲ ਹਨ।
ਸੂਤਰਾਂ ਮੁਤਾਬਕ 28 ਅਕਤੂਬਰ ਨੂੰ ਹਾਲਟਨ 'ਚ ਹੋਈ ਗੋਲੀਬਾਰੀ 'ਚ ਅਰਸ਼ ਡੱਲਾ ਦੀ ਬਾਂਹ 'ਤੇ ਗੋਲੀ ਲੱਗੀ ਸੀ। ਅਰਸ਼ ਆਪਣੀ ਕਾਰ ਵਿੱਚ ਗੁਰਜੰਟ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੇੜੇ ਆ ਕੇ ਰੁਕੀ ਅਤੇ ਦੂਜੀ ਕਾਰ ਤੋਂ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਉਕਤ ਕਾਰ ਨੂੰ ਕਿਸੇ ਤਰ੍ਹਾਂ ਉਥੋਂ ਭਜਾਇਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਅਰਸ਼ ਡੱਲਾ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੇ ਕਾਰਤੂਸ ਪੁਲਿਸ ਨੇ ਬਰਾਮਦ ਕਰ ਲਏ ਹਨ।
ਗੁਰਜੰਟ ਸਿੰਘ ਸਣੇ ਅਰਸ਼ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਥੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਅਰਸ਼ ਦੇ ਘਰੋਂ ਕੁਝ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅਰਸ਼ ਅਤੇ ਗੁਰਜੰਟ ਨੂੰ ਹਿਰਾਸਤ ਵਿੱਚ ਲੈ ਲਿਆ। ਦੋਵੇਂ ਤਿੰਨ ਦਿਨਾਂ ਲਈ ਪੀਲ ਪੁਲਿਸ ਦੇ ਰਿਮਾਂਡ 'ਤੇ ਸਨ। ਦੱਸ ਦੇਈਏ ਕਿ ਗੁਰਜੰਟ ਸਿੰਘ ਉਰਫ ਜੰਟਾ ਵੀ ਪੰਜਾਬ ਪੁਲਿਸ ਨੂੰ 2 ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।
2 ਸਾਲ ਪਹਿਲਾਂ ਭਾਰਤ ਨੇ ਡੱਲਾ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ
ਸਾਲ 2022 ਵਿੱਚ, ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (KTF) ਦੇ ਆਪਰੇਟਿਵ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ਦੀਪ ਡੱਲਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ। ਪੰਜਾਬ ਦੇ ਮੋਗਾ ਤੋਂ ਕੈਨੇਡਾ ਜਾ ਕੇ ਲੁਕੇ ਅਰਸ਼ 'ਤੇ ਦੇਸ਼-ਵਿਦੇਸ਼ 'ਚ ਕਤਲ, ਫਿਰੌਤੀ ਅਤੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਨੈਸ਼ਨਲ ਜਾਂਚ ਏਜੰਸੀ (NIA) ਨੇ ਉਸ ਨੂੰ ਕਤਲ, ਦਹਿਸ਼ਤ ਲਈ ਫੰਡ ਇਕੱਠਾ ਕਰਨ, ਕਤਲ ਦੀ ਕੋਸ਼ਿਸ਼, ਫਿਰਕੂ ਮੁੱਦਿਆਂ ਨੂੰ ਹੱਲਾਸ਼ੇਰੀ ਦੇਣ ਅਤੇ ਪੰਜਾਬ ਵਿੱਚ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਅਰਸ਼ਦੀਪ UAPA ਤਹਿਤ ਲੋੜੀਂਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਬਹੁਤ ਕਰੀਬ ਹੈ। ਆਪਣੀ ਤਰਫੋਂ ਅੱਤਵਾਦੀ ਮਾਡਿਊਲ ਨੂੰ ਚਲਾਉਂਦਾ ਹੈ। ਅੱਤਵਾਦੀ ਗਤੀਵਿਧੀਆਂ, ਕਤਲ, ਜਬਰੀ ਵਸੂਲੀ ਤੋਂ ਇਲਾਵਾ ਉਹ ਵੱਡੇ ਪੱਧਰ 'ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਵੀ ਜੁੜਿਆ ਹੋਇਆ ਹੈ।