Mohali Intelligence Building Attack: ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਰਾਕੇਟ ਗ੍ਰਨੇਡ ਦਾਗੇ ਜਾਣ ਲਈ ਵਰਤਿਆ ਜਾਣ ਵਾਲਾ ਲਾਂਚਰ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਮਾਮਲੇ 'ਚ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।


ਪੁਲਿਸ ਦੇ ਡਾਇਰੈਕਟਰ ਜਨਰਲ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਮੁਹਾਲੀ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, 'ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਗਈ ਹੈ। ਹਮਲੇ ਵਿਚ ਵਰਤਿਆ ਗਿਆ ਲਾਂਚਰ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਵਿਚ ਸਾਰੀਆਂ ਲੀਡਾਂ ਦਾ ਬਾਰੀਕੀ ਨਾਲ ਪਤਾ ਲਗਾਇਆ ਜਾ ਰਿਹਾ ਹੈ।


ਇਸ ਤੋਂ ਪਹਿਲਾਂ ਮਾਨ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ, ਡੀਜੀਪੀ ਵੀਕੇ ਭਾਵਰਾ ਅਤੇ ਖੁਫੀਆ ਯੂਨਿਟ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਥਾਣਾ ਮੁਖੀ ਨੇ ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਮੁਹਾਲੀ ਦੇ ਸੈਕਟਰ 77 ਸਥਿਤ ਪੁਲਿਸ ਇੰਟੈਲੀਜੈਂਸ ਯੂਨਿਟ ਦੇ ਹੈੱਡਕੁਆਰਟਰ 'ਤੇ ਸੋਮਵਾਰ ਰਾਤ ਨੂੰ ਰਾਕੇਟ ਪ੍ਰੋਪੇਲਡ ਗ੍ਰਨੇਡ ਨਾਲ ਹਮਲਾ ਹੋਇਆ, ਜਿਸ ਕਾਰਨ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਸੀ।


ਇਸ ਘਟਨਾ ਨੂੰ ਖੁਫੀਆ ਤੰਤਰ ਦੀ ਵੱਡੀ ਅਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਇਮਾਰਤ ਵਿੱਚ ਸੂਬੇ ਦੇ 'ਕਾਊਂਟਰ ਇੰਟੈਲੀਜੈਂਸ ਵਿੰਗ', ਸਪੈਸ਼ਲ ਟਾਸਕ ਫੋਰਸ ਅਤੇ ਕੁਝ ਹੋਰ ਯੂਨਿਟਾਂ ਦੇ ਦਫ਼ਤਰ ਹਨ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਿਆਸੀ ਪਾਰਟੀਆਂ ਨੇ ਇਸ ਨੂੰ 'ਪ੍ਰੇਸ਼ਾਨ ਕਰਨ ਵਾਲਾ' ਅਤੇ 'ਹੈਰਾਨ ਕਰਨ ਵਾਲੀ' ਘਟਨਾ ਕਰਾਰ ਦਿੱਤਾ ਹੈ। ਉਧਰ ਮਾਨ ਨੇ ਮੀਟਿੰਗ ਤੋਂ ਬਾਅਦ ਕਿਹਾ, ''ਮੈਂ ਕੱਲ੍ਹ ਮੁਹਾਲੀ 'ਚ ਵਾਪਰੀ ਘਟਨਾ ਨੂੰ ਲੈ ਕੇ ਡੀਜੀਪੀ ਅਤੇ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਸਾਰੇ ਤੱਥ ਸਾਹਮਣੇ ਆ ਰਹੇ ਹਨ, ਕੁਝ ਗ੍ਰਿਫਤਾਰੀਆਂ ਹੋਈਆਂ ਹਨ ਅਤੇ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ


ਉਨ੍ਹਾਂ ਕਿਹਾ, “ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਮਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਸਭ ਕੁਝ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ, ''ਬਹੁਤ ਜਲਦੀ ਅਪਰਾਧੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।''


ਇਸ ਤੋਂ ਪਹਿਲਾਂ ਮਾਨ ਨੇ ਟਵੀਟ ਕੀਤਾ ਸੀ ਕਿ ਪੰਜਾਬ ਪੁਲਿਸ ਮੁਹਾਲੀ 'ਚ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀ ਹੈ। ਮਾਨ ਨੇ ਟਵੀਟ ਕੀਤਾ ਸੀ, ''ਪੰਜਾਬ ਪੁਲਿਸ ਮੁਹਾਲੀ 'ਚ ਹੋਏ ਧਮਾਕੇ ਦੀ ਜਾਂਚ ਕਰ ਰਹੀ ਹੈ। ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।


ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜਾਰੀ


ਇਸ ਦੇ ਨਾਲ ਹੀ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਵਿਖੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਭਾਵਰਾ ਨੇ ਮੋਹਾਲੀ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਪ੍ਰੋਜੈਕਟਾਈਲ ਇਮਾਰਤ 'ਤੇ ਡਿੱਗਿਆ ਸੀ ਅਤੇ ਇਸ 'ਚ ਵਰਤੇ ਗਏ ਵਿਸਫੋਟਕ ਟੀਐੱਨਟੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵੇਲੇ ਕਮਰੇ ਵਿੱਚ ਕੋਈ ਨਹੀਂ ਸੀ। ਨਾਲ ਹੀ, ਡੀਜੀਪੀ ਨੇ ਕਿਹਾ ਕਿ ਇਹ ਸਾਡੇ ਲਈ ਇੱਕ ਚੁਣੌਤੀ ਹੈ ਅਤੇ ਅਸੀਂ ਇਸ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਵਾਲ 'ਤੇ ਕਿ ਕੀ ਇਹ ਅੱਤਵਾਦੀ ਹਮਲਾ ਸੀ ਅਤੇ ਕੀ ਇਸ 'ਚ ਖਾਲਿਸਤਾਨੀ ਕੋਣ ਹੈ, ਭਾਵਰਾ ਨੇ ਕਿਹਾ ਕਿ ਜੋ ਵੀ ਹੋਵੇਗਾ, ਉਹ ਜਾਂਚ 'ਚ ਸਾਹਮਣੇ ਆਵੇਗਾ ਅਤੇ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ।


ਮੁੱਢਲੀ ਜਾਂਚ ਵਿੱਚ ਦੋ ਵਿਅਕਤੀਆਂ ਦਾ ਸ਼ਾਮਲ ਹੋਣ ਦਾ ਮਾਮਲਾ ਆਇਆ ਸਾਹਮਣੇ


ਉਨ੍ਹਾਂ ਕਿਹਾ, ''ਸਾਨੂੰ ਸੁਰਾਗ ਮਿਲ ਗਏ ਹਨ ਅਤੇ ਜਲਦੀ ਹੀ ਅਸੀਂ ਇਸ ਮਾਮਲੇ ਦਾ ਪਰਦਾਫਾਸ਼ ਕਰ ਲਵਾਂਗੇ।'' ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਰ 'ਚ ਸਵਾਰ ਦੋ ਵਿਅਕਤੀ ਆਏ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਹਾਲ ਹੀ ਵਿੱਚ ਹਰਿਆਣਾ ਦੇ ਕਰਨਾਲ ਵਿੱਚ ਪਾਕਿਸਤਾਨ ਨਾਲ ਸਬੰਧਤ ਚਾਰ ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਚੋਂ 1.50 ਕਿਲੋਗ੍ਰਾਮ ਆਰਡੀਐਕਸ (ਵਿਸਫੋਟਕ) ਵਾਲਾ ਇੱਕ ਆਈਈਡੀ ਬਰਾਮਦ ਕੀਤਾ ਗਿਆ ਸੀ। ਨਾਲ ਹੀ 24  ਅਪ੍ਰੈਲ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਨੇੜੇ ਇੱਕ ਵਿਸਫੋਟਕ ਯੰਤਰ ਵੀ ਬਰਾਮਦ ਕੀਤਾ ਗਿਆ ਸੀ।


ਕੰਗ ਨੇ ਕਿਹਾ ਕਿ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ


ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕੰਗ ਨੇ ਟਵੀਟ ਕੀਤਾ, ''ਮੁਹਾਲੀ 'ਚ ਧਮਾਕਾ ਮੰਦਭਾਗਾ ਹੈ, ਪਰ ਸਥਿਤੀ ਹੁਣ ਕਾਬੂ 'ਚ ਹੈ। ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਿਸੇ ਨੂੰ ਵੀ ਅਮਨ-ਸ਼ਾਂਤੀ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਇਸ ਤੋਂ ਪੰਜਾਬ ਵਿਰੋਧੀ ਤਾਕਤਾਂ ਦੀ ਦਹਿਸ਼ਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Heroin Seized in Delhi: ਰਾਜਧਾਨੀ ਦਿੱਲੀ 'ਚ ਫੜੀ ਗਈ ਨਸ਼ਿਆਂ ਦੀ ਵੱਡੀ ਖੇਪ, ਮਾਮਲੇ ‘ਚ ਲੁਧਿਆਣਾ ਤੋਂ ਦੋ ਨੂੰ ਕੀਤਾ ਗ੍ਰਿਫ਼ਤਾਰ