ਮਾਨਸਾ : ਅੱਜ ਦੇਸ਼ ਕਾਰਗਿਲ ਦੇ ਵੀਰ ਜਵਾਨਾਂ ਦੀ ਵਿਜੇ ਦਾ ਜਸ਼ਨ ਮਨਾ ਰਿਹਾ ਹੈ। ਭਾਰਤੀ ਫੌਜ ਦੇ ਜਾਂਬਾਜ਼ ਜਵਾਨਾਂ ਨੇ ਸਾਲ 1999 ਵਿੱਚ ਕਾਰਗਿਲ ਦੀਆਂ ਪਹਾੜੀਆਂ ਉੱਪਰ ਪਾਕਿਸਤਾਨ ਦੇ ਖ਼ਿਲਾਫ਼ ਚੱਲੇ ਆਪਰੇਸ਼ਨ ਵਿਜੈ ਵਿੱਚ ਵੀਰਤਾ ਦਿਖਾਉਂਦਿਆਂ ਪਾਕਿਸਤਾਨੀ ਸੈਨਾ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਇਸ ਯੁੱਧ ਵਿੱਚ ਸ਼ਹੀਦ ਹੋਏ 527 ਭਾਰਤੀ ਸੈਨਿਕਾਂ ਵਿੱਚ 52 ਪੰਜਾਬ ਦੇ ਸੈਨਿਕ ਸਨ ਜਿਹਨਾਂ 'ਚ ਮਾਨਸਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਤੋਂ 14ਵੀਂ ਬਟਾਲੀਅਨ ਸਿੱਖ ਰੈਜੀਮੈਂਟ ਦੇ ਸਿਪਾਹੀ ਬੂਟਾ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਸਨ। ਬੂਟਾ ਸਿੰਘ ਦਾ ਪਰਿਵਾਰ ਜਿੱਥੇ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਸਹਾਇਤਾ ਮਿਲਣ ਨਾਲ ਸੰਤੁਸ਼ਟ ਹੈ, ਉੱਥੇ ਉਹਨਾਂ ਨੇ ਡੀ.ਸੀ. ਦਫ਼ਤਰ ਵਿੱਚ ਸ਼ਹੀਦ ਸੈਨਿਕਾਂ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ।



ਸ਼ਹੀਦ ਸਿਪਾਹੀ ਬੂਟਾ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਮੇਰੇ ਪਤੀ ਸ਼ਹੀਦ ਸਿਪਾਹੀ ਬੂਟਾ ਸਿੰਘ 1993 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਤੇ ਸਾਲ 1996 ਵਿੱਚ ਉਹਨਾਂ ਨਾਲ ਵਿਆਹ ਹੋਇਆ, ਜਿਸ ਤੋਂ ਬਾਦ 1997 ਵਿੱਚ ਸਾਡੇ ਘਰ ਇੱਕ ਬੇਟੀ ਨੇ ਜਨਮ ਲਿਆ। ਉਨ੍ਹਾਂ ਦੱਸਿਆ ਕਿ 28 ਮਈ 1999 ਨੂੰ ਉਹ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਏ, ਜਿਸ ਦਾ ਸਾਨੂੰ ਅਗਲੇ ਦਿਨ ਪਤਾ ਲੱਗਾ ਤੇ ਤਿੰਨ ਦਿਨ ਬਾਦ ਉਹਨਾਂ ਦੀ ਮ੍ਰਿਤਕ ਦੇਹ ਘਰ ਆਈ ਤੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। 


ਉਨ੍ਹਾਂ ਕਿਹਾ ਕਿ ਪਤੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਗਈ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਸ਼ਹੀਦਾਂ ਨੂੰ ਭੁਲਾਇਆ ਨਾ ਜਾਵੇ ਅਤੇ ਉਹਨਾਂ ਦੇ ਸ਼ਹੀਦੀ ਦਿਵਸ ਜਾਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਨਮਨ ਜਰੂਰ ਕੀਤਾ ਜਾਵੇ।


ਸਰਕਾਰ ਤੋਂ ਹੋਰ ਸਹੂਲਤਾਂ ਦੀ ਮੰਗ ਕਰਦਿਆਂ ਸ਼ਹੀਦ ਸਿਪਾਹੀ ਬੂਟਾ ਸਿੰਘ ਦੀ ਪਤਨੀ ਰਹੀ ਅੰਮ੍ਰਿਤਪਾਲ ਕੌਰ ਨੇ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਡੀ.ਸੀ. ਦਫਤਰ ਵਿੱਚ ਸ਼ਹੀਦ ਸੈਨਿਕਾਂ ਦੀ ਯਾਦਗਾਰ ਬਣਾਈ ਜਾਵੇ ਤਾਂ ਜੋ ਦਫਤਰ ਵਿੱਚ ਕੰਮਕਾਜ ਲਈ ਆਉਣ ਵਾਲੇ ਲੋਕ ਤੇ ਬੱਚੇ ਸ਼ਹੀਦਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਣ । ਆਉਣ ਵਾਲੀ ਪੀੜੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਵੀ ਸੁਤੰਤਰਤਾ ਸੈਨਾਨੀਆਂ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਸਰਕਾਰ ਨਾਲ ਗ਼ਿਲਾ ਜਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ 15 ਅਗਸਤ ਜਾਂ 26 ਜਨਵਰੀ ਮੌਕੇ ਬੁਲਾਇਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਕਿਸੇ ਵੀ ਸ਼ਹੀਦ ਪਰਿਵਾਰ ਨੂੰ ਨਹੀਂ ਬੁਲਾਇਆ ਗਿਆ। 


ਕਾਰਗਿਲ ਯੁੱਧ ਦੇ ਸ਼ਹੀਦ ਸਿਪਾਹੀ ਬੂਟਾ ਸਿੰਘ ਦੀ ਸ਼ਹਾਦਤ ਤੇ ਪੂਰੇ ਪਰਿਵਾਰ ਨੂੰ ਮਾਣ ਹੈ । ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਨੁਮਾਇੰਦੇ ਸ਼ਹੀਦਾਂ ਦੇ ਘਰ ਪੰਜਾਬੀ ਪਰਿਵਾਰਾਂ ਦੀ ਸਾਰ ਲੈਣ ਅਤੇ ਸ਼ਹੀਦਾਂ ਨੂੰ ਭੁਲਾਇਆ ਨਾ ਜਾਵੇ।