Punjab News: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਵਿੱਚ ਸ਼ਰੇਆਮ ਗੈਂਗਸਟਰਾਂ ਵੱਲੋਂ ਹੁੜਦੰਗ ਮਚਾਇਆ ਹੋਇਆ ਹੈ, ਬਾਦਮਾਸ਼ਾਂ ਵੱਲੋਂ ਨਾਮੀ ਪੰਜਾਬੀਆਂ ਉੱਤੇ ਗੋਲਬਾਰੀ ਕਰਵਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਅਬੋਹਰ ਵਿੱਚ ਹੋਈ ਇਕ ਕੱਪੜਾ ਵਪਾਰੀ ਦੀ ਹੱਤਿਆ ਦੇ ਮਾਮਲੇ 'ਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਘੇਰਿਆ ਹੈ। ਬਿੱਟੂ ਨੇ ਅਮਨ ਅਰੋੜਾ 'ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਝੂਠੇ ਨਰੈਟਿਵ ਪਿੱਛੇ ਲੁਕਾਉਣ ਦੇ ਗੰਭੀਰ ਦੋਸ਼ ਲਾਏ ਹਨ।

 

ਸਵੇਰੇ ਤੋਂ ਸ਼ਾਮ ਤੱਕ ਪੰਜਾਬ 'ਚੋਂ ਆਉਂਦੀਆਂ ਚੀਕਾਂ ਦੀਆਂ ਆਵਾਜ਼ਾਂ

ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੋਜ਼ਾਨਾ ਸਵੇਰੇ ਤੋਂ ਸ਼ਾਮ ਤੱਕ ਪੰਜਾਬ 'ਚੋਂ ਹਰ ਪਾਸੇ ਰੋਣ ਤੇ ਚੀਕਣ-ਚਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਅਬੋਹਰ 'ਚ ਕੱਪੜਾ ਵਪਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਅਮਨ ਅਰੋੜਾ ਬੀਤੇ ਦਿਨ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਕੇਂਦਰ ਸਰਕਾਰ ਨੂੰ ਦੋਸ਼ ਦੇ ਰਹੇ ਸਨ।

ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੋਰਚੇ 'ਤੇ ਨਾਕਾਮ ਸਾਬਤ ਹੋ ਰਹੀ ਹੈ, ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਤੇ ਅਮਨ ਅਰੋੜਾ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

 

ਡੀ.ਜੀ.ਪੀ. ਅਤੇ ਚੀਫ ਸਕੱਤਰੀ ਤੋਂ ਸਵਾਲ

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਮਨ ਅਰੋੜਾ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੰਜਾਬ 'ਚ ਜੋ ਘਟਨਾਵਾਂ ਹੋ ਰਹੀਆਂ ਹਨ, ਉਹ ਕੇਂਦਰ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਬਿੱਟੂ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਅਤੇ ਚੀਫ ਸਕੱਤਰੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੈਬਨਿਟ ਮੰਤਰੀ ਇਹ ਗੱਲ ਕਹਿ ਰਿਹਾ ਹੈ, ਜੋ ਬਹੁਤ ਗੰਭੀਰ ਮਾਮਲਾ ਹੈ। ਮੈਂ ਪੰਜਾਬ ਦੇ ਡੀ.ਜੀ.ਪੀ., ਚੀਫ ਸਕੱਤਰੀ ਅਤੇ ਰਾਜਪਾਲ ਨਾਲ ਖੁੱਲ ਕੇ ਗੱਲ ਕਰਾਂਗਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ 'ਤੇ ਰੋਕ ਲਗਾਉਣੀ ਚਾਹੀਦੀ ਹੈ ਜਾਂ ਫਿਰ ਸਿੱਧਾ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਲਿਖਤੀ ਤੌਰ 'ਤੇ ਡੀ.ਜੀ.ਪੀ. ਪੰਜਾਬ ਅਤੇ ਚੀਫ ਸਕੱਤਰੀ ਕੋਲੋਂ ਇਸ ਗੱਲ ਦਾ ਜਵਾਬ ਮੰਗਾਂਗਾ ਕਿ ਅਮਨ ਅਰੋੜਾ ਵੱਲੋਂ ਦਿੱਤਾ ਗਿਆ ਬਿਆਨ ਕੀ ਸਰਕਾਰੀ ਤੌਰ 'ਤੇ ਅਧਿਕਾਰਿਕ ਬਿਆਨ ਹੈ ਜਾਂ ਨਹੀਂ।

ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਦੇਸ਼ ਦੀ ਖਾਤਰ ਆਪਣੇ ਪਰਿਵਾਰਾਂ ਦੀਆਂ ਜਾਨਾਂ ਤੱਕ ਦੇ ਦਿੱਤੀਆਂ ਹਨ। ਬਿੱਟੂ ਨੇ ਕਿਹਾ ਕਿ ਮੈਂ ਅਮਨ ਅਰੋੜਾ ਦੇ ਇਸ ਬਿਆਨ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨਾਕਾਮੀ ਨੂੰ ਝੂਠੇ ਨੈਰੇਟਿਵ ਪਿੱਛੇ ਲੁਕਾਉਣ ਦੀ ਕੋਸ਼ਿਸ਼ ਨਾ ਕਰੇ ਅਰੋੜਾ। ਬਿੱਟੂ ਨੇ ਕਿਹਾ ਕਿ ਅਸੀਂ ਤਾਂ ਪਾਕਿਸਤਾਨ ਨੂੰ ਵੀ ਨਹੀਂ ਛੱਡਿਆ, ਇਹ ਤਾਂ ਗੈਂਗਸਟਰੀ ਮਾਮਲਾ ਹੈ। ਜਦੋਂ ਲੋਕਾਂ ਨੇ ਸਾਡੇ ਹੱਥ 'ਚ ਭਾਜਪਾ ਦੀ ਸਰਕਾਰ ਦੀ ਕਮਾਨ ਦਿੱਤੀ ਹੈ, ਤਾਂ ਅਸੀਂ ਜ਼ਰੂਰ ਵਿਖਾਵਾਂਗੇ ਕਿ ਇਹ ਗੈਂਗਸਟਰਾਂ ਨੂੰ ਕਿਵੇਂ ਸਿੱਧਾ ਕੀਤਾ ਜਾਂਦਾ ਹੈ।