ਫਰੀਦਕੋਟ: ਕਰੀਬ ਡੇਢ ਮਹੀਨਾ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਲਈ ਘਰੋਂ ਨਿਕਲਿਆ ਇੱਕ ਪਰਿਵਾਰ, ਜਿਸ ਵਿੱਚ ਦੋ ਬੱਚੇ ਅਤੇ ਪਤੀ-ਪਤਨੀ ਸਨ, ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀ ਕਾਰ ਅੱਜ ਸਰਹਿੰਦ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਹੈ, ਜਿਸ  'ਚੋਂ ਚਾਰਾਂ ਦੀਆਂ ਗਲੀਆਂ ਸੜੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ । ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


ਫ਼ਰੀਦਕੋਟ ਦੇ ਭਾਨ ਸਿੰਘ ਕਲੋਨੀ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਇੱਕ ਸਿੱਖ ਪਰਿਵਾਰ ਜਿਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋਨੋ ਛੋਟੇ ਬੱਚੇ ਘਰੋਂ ਅਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਨਿਕਲੇ ਸਨ ਪਰ ਬਾਅਦ ਵਿਚ ਭੇਦ ਭਰੇ ਹਾਲਾਤਾਂ ਚ ਪੁਰਾ ਪਰਿਵਾਰ ਲਾਪਤਾ  ਹੋ ਗਿਆ ਸੀ ਜਿਸ ਦੀ ਤਲਾਸ਼ ਪੁਲਿਸ ਅਤੇ ਪਰਿਵਾਰਕ ਮੈਂਬਰ ਲਗਾਤਾਰ ਕਰ ਰਿਹਾ ਸੀ। ਅੱਜ ਫਰੀਦਕੋਟ ਦੀ ਸਰਹੰਦ ਨਹਿਰ ਦੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਪਾਣੀ 'ਚ ਕਾਰ ਡੁੱਬੀ ਦਿਖਾਈ ਦੇਣ ਦੀ ਸੂਚਨਾਂ ਤੋਂ ਬਾਅਦ ਪੁਲਿਸ ਵੱਲੋਂ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਨੰਬਰ ਤੋਂ ਪਹਿਚਾਣ ਹੋਈ ਕਿ ਇਹ ਓਸੇ ਪਰਿਵਾਰ ਦੀ ਕਾਰ ਹੈ ਜੋ ਭੇਦਭਰੇ ਹਾਲਾਤ 'ਚ ਲਾਪਤਾ ਹੋਇਆ ਸੀ। ਜਦ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਕਤ ਪਰਿਵਾਰ ਦੇ ਚਾਰੋਂ ਮੈਬਰਾਂ ਦੀਆਂ ਲਾਸ਼ਾਂ ਵੀ ਕਾਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਜੋ ਬੁਰੀ ਤਰ੍ਹਾਂ ਨਾਲ ਗਲ ਸੜ ਗਈਆਂ ਸਨ। ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।


ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾ ਉਨ੍ਹਾਂ ਦਾ ਜਵਾਈ ਭਰਮਜੀਤ ਸਿੰਘ ਅਤੇ ਉਸਦੀ ਬੇਟੀ ਰੁਪਿੰਦਰ ਕੌਰ ਅਤੇ 14 ਸਾਲ ਦੀ  ਦੋਹਤੀ ਰੁਪਿੰਦਰ ਅਤੇ ਦੋਹਤਾ ਰਾਜਦੀਪ ਸਿੰਘ ਚਾਰੋਂ ਕਰੀਬ 2 ਵਜੇ ਸਵੇਰੇ ਘਰੋ ਆਪਣੀ ਕਾਰ 'ਤੇ ਨਿਕਲੇ ਸਨ, ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਚੱਲਿਆ ਸੀ। ਉਨ੍ਹਾਂ ਸ਼ੱਕ ਜਤਾਇਆ ਕਿ ਇਹ ਆਤਮ ਹੱਤਿਆ ਨਹੀ ਬਲਕਿ ਕਿਸੇ ਵੱਲੋਂ ਸਾਜ਼ਿਸ਼ ਨਾਲ ਉਹਨਾਂ ਹਾਦਸੇ ਨੂੰ ਅੰਜਾਮ ਦਿੱਤਾ ਹੈ।

ਇਸ ਮੌਕੇ ਜਾਚ ਅਧਿਕਾਰੀ ਜਸਕਰਨ ਸਿੰਘ ਨੇ ਕਿਹਾ ਕਿ ਅੱਜ ਸੂਚਨਾ ਮਿਲਣ ਤੋਂ ਬਾਅਦ ਕਾਰ ਨੂੰ ਨਹਿਰ ਚੋਂ ਕੱਢਿਆ ਗਿਆ ਹੈ ਜਿਸ ਚੋਂ ਪਰਿਵਾਰ ਦੇ ਚਾਰੋਂ ਮੈਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ।ਇਸ ਹਾਦਸੇ ਪਿੱਛੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ।