Union Minister Ravneet Bittu: ਕੇਂਦਰੀ ਮੰਤਰੀ ਰਵਨੀਤ ਬਿੱਟੂ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਲਗਾਤਾਰ ਗੇੜੇ ਮਾਰ ਰਹੇ ਹਨ ਪਰ ਮੁੱਖ ਮੰਤਰੀ ਮਾਨ ਉਨ੍ਹਾਂ ਨੂੰ ਮਿਲਣ ਲਈ ਤਿਆਰ ਹੀ ਨਹੀਂ। ਅੱਜ ਲਗਾਤਾਰ ਦੂਜੇ ਦਿਨ ਰਵਨੀਤ ਬਿੱਟੂ ਨੇ ਸੀਐਮ ਮਾਨ ਦੀ ਰਿਹਾਇਸ ਦਾ ਗੇੜਾ ਮਾਰਿਆ ਪਰ ਉਹ ਮੁੜ ਬੇਰੰਗ ਮੁੜੇ। ਜਾਂਦੇ ਹੋਏ ਰਵਨੀਤ ਬਿੱਟੂ ਕਹਿ ਗਏ ਕਿ ਉਹ ਕੱਲ਼੍ਹ ਫਿਰ ਆਉਣਗੇ।

Continues below advertisement




ਹਾਸਲ ਜਾਣਕਾਰੀ ਵੀਰਵਾਰ ਨੂੰ ਰਵਨੀਤ ਬਿੱਟੂ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ 'ਤੇ ਪਹੁੰਚੇ, ਪਰ ਉਨ੍ਹਾਂ ਨੂੰ ਬਿਨਾਂ ਮਿਲੇ ਹੀ ਵਾਪਸ ਪਰਤਣਾ ਪਿਆ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਪਿਛਲੇ 10 ਦਿਨਾਂ ਵਿੱਚ ਤਿੰਨ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਅਣਦੇਖਿਆ ਕਰ ਦਿੱਤਾ ਗਿਆ।


 


 




ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਮੀਡੀਆ ਰਾਹੀਂ ਕਈ ਵਾਰ ਮੁੱਖ ਮੰਤਰੀ ਤੋਂ ਸਮਾਂ ਮੰਗਿਆ, ਪਰ ਉਨ੍ਹਾਂ ਨੇ ਮੇਰੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 19 ਫਰਵਰੀ ਨੂੰ ਮੈਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਇਕੱਲਾ ਪਹੁੰਚਿਆ ਤੇ ਭਗਵੰਤ ਮਾਨ ਨੂੰ ਸਿੱਧਾ ਸੁਨੇਹਾ ਦਿੱਤਾ ਕਿ ਜੇਕਰ ਉਨ੍ਹਾਂ ਵਿੱਚ ਮੇਰੇ ਵਰਕਰਾਂ ਵਿਰੁੱਧ ਤਾਕਤ ਦੀ ਵਰਤੋਂ ਕਰਨ ਦੀ ਹਿੰਮਤ ਹੈ ਤਾਂ ਉਹ ਹੁਣ ਮੇਰੇ ਨਾਲ ਵੀ ਗੱਲ ਕਰਨ ਦੀ ਹਿੰਮਤ ਦਿਖਾਉਣ ਪਰ ਮੁੱਖ ਮੰਤਰੀ, ਜੋ ਆਪਣੇ ਆਪ ਨੂੰ ਪੰਜਾਬ ਤੇ ਪੰਜਾਬੀਆਂ ਦਾ ਨੇਤਾ ਕਹਿੰਦੇ ਹਨ, ਇੰਨੇ ਡਰੇ ਹੋਏ ਹਨ ਕਿ ਉਹ ਆਪਣੀ ਰਿਹਾਇਸ਼ ਦੇ ਅੰਦਰ ਲੁਕੇ ਰਹੇ ਤੇ ਮੇਰੇ ਨਾਲ ਗੱਲ ਕਰਨ ਤੋਂ ਬਚਦੇ ਰਹੇ।




ਦੱਸ ਦਈਏ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰਨ ਲਈ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚੇ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਗੇਟ 'ਤੇ ਹੀ ਰੋਕ ਲਿਆ। ਇਸ ਦੌਰਾਨ ਬਿੱਟੂ ਦੀ ਸੁਰੱਖਿਆ ਟੀਮ ਤੇ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਵਿਚਕਾਰ ਬਹਿਸ ਹੋਈ ਤੇ ਹੱਥੋਪਾਈ ਵੀ ਹੋਈ। ਚੰਡੀਗੜ੍ਹ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਿੱਟੂ ਕੋਲ ਇਜਾਜ਼ਤ ਨਹੀਂ ਸੀ। ਇਸ ਲਈ ਉਨ੍ਹਾਂ ਦੇ ਕਾਫਲੇ ਨੂੰ ਰੋਕਿਆ ਗਿਆ। ਅਧਿਕਾਰੀਆਂ ਨੇ ਪਾਇਲਟ ਵਾਹਨ ਦੇ ਡਰਾਈਵਰ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬਿੱਟੂ ਗੱਡੀ ਤੋਂ ਹੇਠਾਂ ਉਤਰੇ, ਉਦੋਂ ਵੀ ਪੁਲਿਸ ਅਧਿਕਾਰੀਆਂ ਨਾਲ ਉਨ੍ਹਾਂ ਦੀ ਬਹਿਸ ਜਾਰੀ ਰਹੀ।



ਬਿੱਟੂ ਨੇ ਕਿਹਾ, "ਮੈਂ ਇੱਥੇ ਇਕੱਲਾ ਆਇਆ ਸੀ। ਉਨ੍ਹਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਜੇਮੈਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੇ ਹੋ ਤਾਂ ਲੈ ਲਵੋ। ਮੈਂ ਇਸ ਬਾਰੇ ਗ੍ਰਹਿ ਵਿਭਾਗ ਨੂੰ ਸ਼ਿਕਾਇਤ ਕਰਾਂਗਾ।" ਉਨ੍ਹਾਂ  ਚੰਡੀਗੜ੍ਹ ਦੇ ਡੀਜੀਪੀ ਨੂੰ ਪੁਲਿਸ ਦੇ ਦੁਰਵਿਵਹਾਰ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਅਧਿਕਾਰੀ ਕਹਿ ਰਹੇ ਹਨ ਕਿ ਤੁਸੀਂ ਰਸਤਾ ਰੋਕਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਤੇ ਡਰਾਈਵਰ ਵਿਚਕਾਰ ਝੜਪ ਹੋ ਗਈ।