ਚੰਡੀਗੜ੍ਹ: ਮੁਹਾਲੀ ਪੁਲਿਸ ਨੂੰ ਇਕ ਹੋਰ ਕਾਮਯਾਬੀ ਹਾਸਲ ਹੋਈ ਹੈ।ਐਸ.ਏ.ਐਸ ਨਗਰ ਪੁਲਿਸ ਨੇ ਮਾੜੇ ਅਨਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਖਰੜ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਗੁਰਗੇ ਮਨਪ੍ਰੀਤ ਸਿੰਘ ਉਰਫ ਭੀਮਾ ਪੁੱਤਰ ਲਾਲ ਚੰਦ ਵਾਸੀ ਨੂੰ 11 ਪਿਸਟਲ ਅਤੇ ਇੱਕ BMW ਕਾਰ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। 


ਪੁਲਿਸ ਨੇ ਦੱਸਿਆ ਕਿ ਇਹ ਸਾਰਾ ਅਸਲਾ ਐਮੂਨੀਸ਼ਨ ਦੀ ਸਪਲਾਈ ਅਸ਼ਵਨੀ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਖਿੱਜਰਪੁਰ ਪਿਹੋਵਾ, ਜ਼ਿਲ੍ਹਾ ਕੁਰੂਕਸ਼ੇਤਰਾ ਨੇ ਹੀ ਮਨਪ੍ਰੀਤ ਸਿੰਘ ਉਰਫ਼ ਭੀਮਾ ਜਸਮੀਤ ਸਿਂਘ ਉਰਫ ਲੱਕੀ, ਨਿਖਿਲਕਾਂਤ ਸ਼ਰਮਾ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਨੂੰ ਕੀਤੀ ਸੀ।ਪੁਲਿਸ ਵੱਲੋਂ ਬਰਾਮਦ ਕੀਤੇ ਹਥਿਆਰਾਂ 'ਚ ਇੱਕ ਗਲੋਕ ਪਿਸਟਲ (Glock Pistol 9MM made in Austraia) ਬਾਰੇ ਪਤਾ ਕੀਤਾ ਜਾ ਰਿਹਾ ਹੈ। 


ਮੁਹਾਲੀ ਦੇ SSP ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ, "ਥਾਣਾ ਸਿਟੀ ਡਵੀਜ਼ਨ ਦੇ ਏਰੀਏ ਤੋਂ ਸਪੈਸ਼ਲ ਸੈੱਲ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਸਰਗਨੇ ਮਨਪ੍ਰੀਤ ਸਿੰਘ ਭੀਮਾ ਨੂੰ ਕਾਬੂ ਕੀਤਾ ਗਿਆ ਹੈ। ਜਿਸ ਕੋਲੋਂ ਪੁਲਿਸ ਨੇ 1 ਪਿਸਟਲ Glock 9MM, 10 ਪਿਸਟਲ .32 ਬੋਰ, 3 ਜ਼ਿੰਦਾ ਰੋਂਦ .32 ਬੋਰ ਦੇ ਅਤੇ ਇੱਕ ਕਾਰ ਮਾਰਕਾ BMW ਨੰਬਰ HR26-BT-1558 ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਅਸਲ ਐਕਟ ਦੀ ਧਾਰਾ 25, 54, 59 ਤਹਿਤ ਮਾਮਲਾ ਦਰਜ ਕਰ ਲਿਆ ਹੈ।"


ਇੱਕ ਹੋਰ ਮਾਮਲੇ 'ਚ ਮੁਹਾਲੀ ਪੁਲਿਸ ਨੇ ਚੈਕਿੰਗ ਦੌਰਾਨ ਬੱਤੀ ਬੋਰ ਦਾ ਪਿਸਤੌਲ, 14 ਜਿੰਦਾ ਕਾਰਤੂਸ, 6 ਮੈਗਜ਼ੀਨ ਅਤੇ ਵੋਲਕਸਵੈਗਨ ਗੱਡੀ ਜ਼ਬਤ ਕੀਤੀ।


ਇਸ ਸਬੰਧੀ ਐਸਐਸਪੀ ਮੁਹਾਲੀ ਨੇ ਕਿਹਾ, " 6 ਸਤੰਬਰ ਨੂੰ ਜਦੋਂ ਮੁਹਾਲੀ ਪੁਲੀਸ ਚੈਕਿਂਗ ਕਰ ਰਹੀ ਸੀ ਤਾਂ ਉਸ ਸਮੇਂ ਬਲੌਂਗੀ ਪੁਲੀਸ ਨੇ ਇੱਕ ਵੋਲਕਸਵੈਗਨ ਕਾਰ ਨੂੰ ਰੋਕਿਆ, ਪਰ ਕਾਰ ਚਾਲਕ ਨੇ ਕਾਰ ਨਹੀਂ ਰੋਕੀ ਅਤੇ ਕਾਰ ਨੂੰ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਜਦੋਂ ਪੁਲੀਸ ਨੇ ਚੈਕਿੰਗ ਕੀਤੀ ਤਾਂ ਉਸ ਵਿੱਚ ਸਿਮਰਨਜੀਤ ਸਿੰਘ, ਗੁਰੂ ਪ੍ਰਤਾਪ ਸਿੰਘ ਪਵਾਰ ਅਤੇ ਜਸਮੀਤ ਸਿੰਘ ਪਾਸੋਂ ਬੱਤੀ ਬੋਰ ਦਾ ਪਿਸਤੌਲ, 14 ਜਿੰਦਾ ਕਾਰਤੂਸ, 6 ਮੈਗਜ਼ੀਨ ਅਤੇ ਵੋਲਕਸਵੈਗਨ ਗੱਡੀ ਜ਼ਬਤ ਕੀਤੀ ਗਈ। ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਵਿਚੋਂ ਭੁਪਿੰਦਰ ਸਿੰਘ, ਗੁਲਜ਼ਾਰ ਖਾਨ ਅਤੇ ਲਖਨ ਦੀਪ ਸਿੰਘ ਦੇ ਨਾਂ ਵੀ ਸ਼ਾਮਲ ਹੋਇਆ। ਇਸ ਵਿੱਚ ਦੋ ਮੁਲਜ਼ਮ ਤਰਨਤਾਰਨ, ਤਿੰਨ ਪਟਿਆਲਾ ਅਤੇ ਇੱਕ ਚੰਡੀਗੜ੍ਹ ਦਾ ਹੈ। ਜਿਨ੍ਹਾਂ ਵਿੱਚੋਂ ਸਿਮਰਨਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਤਰਨਤਾਰਨ ਵਿੱਚ ਕੇਸ ਦਰਜ ਹੈ ਅਤੇ ਇਸ ਤੋਂ ਇਲਾਵਾ ਲਖਨ ਦੀਪ ਕੁਮਾਰ ਖ਼ਿਲਾਫ਼ ਪਹਿਲਾਂ ਹੀ ਪਟਿਆਲਾ ਅਤੇ ਜਲੰਧਰ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਹੈ।"


ਵਿਵੇਕ ਸ਼ੀਲ ਸੋਨੀ ਨੇ ਕਿਹਾ, "ਅਜੇ ਤੱਕ ਇਨ੍ਹਾਂ ਸਾਰੇ ਦੋਸ਼ੀਆਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ, ਇਸ ਤੋਂ ਬਾਅਦ ਇਸ ਮਾਮਲੇ 'ਚ ਕਈ ਅਹਿਮ ਖੁਲਾਸੇ ਹੋਣੇ ਬਾਕੀ ਹਨ, ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਗੈਂਗ 'ਚ ਨਾਮ ਜੋੜ ਰਿਹਾ ਹੈ।" ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕੋਈ ਉਨ੍ਹਾਂ ਦੇ ਨਿਸ਼ਾਨੇ 'ਤੇ ਹੋਵੇ ਅਤੇ ਇਸ ਤੋਂ ਇਲਾਵਾ ਇਹ, ਇੰਨੀ ਵੱਡੀ ਗਿਣਤੀ 'ਚ ਹਥਿਆਰ, ਸਪਲਾਈ ਕਾਰਨ। 


ਫਿਲਹਾਲ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਉਨ੍ਹਾਂ ਦਾ ਰਿਮਾਂਡ ਮੰਗੇਗੀ ਅਤੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਨਵੇਂ ਕੀ-ਕੀ ਖੁਲਾਸੇ ਹੁੰਦੇ ਹਨ।