Attack on Sukhbir Badal: ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੁਖਬੀਰ ਬਾਦਲ ਹਰਿਮੰਦਰ ਸਾਹਿਬ ਦੇ ਗੇਟ 'ਤੇ ਸੇਵਾ ਨਿਭਾਅ ਰਹੇ ਸਨ। ਹਮਲਾਵਰ ਨੇ ਜਦੋਂ ਫਾਇਰਿੰਗ ਕੀਤੀ ਤਾਂ ਨਿਸ਼ਾਨਾ ਖੁੰਝ ਗਿਆ। ਗੋਲੀ ਕੰਧ 'ਚ ਜਾ ਲੱਗੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਮਲਾਵਰ ਹੱਥ ਵਿੱਚ ਪਿਸਤੌਲ ਲੈ ਕੇ ਸੁਖਬੀਰ ਬਾਦਲ ਵੱਲ ਭੱਜਿਆ ਤੇ ਗੋਲੀ ਚਲਾ ਦਿੱਤੀ। ਫਿਰ ਉਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਫੜ ਕੇ ਪਿਸਤੌਲ ਖੋਹ ਲਿਆ। ਹਮਲਾਵਰ ਦੀ ਸ਼ਨਾਖਤ ਨਾਰਾਇਣ ਸਿੰਘ ਚੌੜਾ ਵਜੋਂ ਹੋਈ ਹੈ। ਆਓ ਜਾਣਦੇ ਹਾਂ ਪੂਰਾ ਵਾਕਿਆ ਕਿਵੇਂ ਵਾਪਰਿਆ...



ਹਾਸਲ ਜਾਣਕਾਰੀ ਮੁਤਾਬਕ ਘਟਨਾ ਦੌਰਾਨ ਜਿਵੇਂ ਹੀ ਹਮਲਾਵਰ ਨੇ ਸੁਖਬੀਰ ਬਾਦਲ 'ਤੇ ਫਾਇਰਿੰਗ ਕੀਤੀ ਤਾਂ ਸਿਵਲ ਵਰਦੀ 'ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਦਬੋਚ ਲਿਆ। ਇਸ ਕਾਰਨ ਗੋਲੀ ਹਰਿਮੰਦਰ ਸਾਹਿਬ ਦੀ ਕੰਧ ਨਾਲ ਲੱਗ ਗਈ ਤੇ ਸੁਖਬੀਰ ਬਾਦਲ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵਾਲਿਆਂ ਨੇ ਉਸ ਨੂੰ ਫੜ ਲਿਆ। ਸੁਖਬੀਰ ਬਾਦਲ ਨੂੰ ਤੁਰੰਤ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ। ਹਰਿਮੰਦਰ ਸਾਹਿਬ ਦੇ ਬਾਹਰ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ।


ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਹਰਿਮੰਦਰ ਸਾਹਿਬ ਪੁੱਜੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਸੁਖਬੀਰ 'ਤੇ ਹਮਲਾ ਕਰਨ ਦੇ ਕਾਰਨਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਸੁਖਬੀਰ ਬਾਦਲ ਹਰਿਮੰਦਰ ਸਾਹਿਬ ਨਤਮਸਤਕ ਹੋਣ ਕਾਰਨ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਚੌਕਸ ਸਨ। ਹਮਲਾਵਰ ਨਰਾਇਣ ਸਿੰਘ ਚੌੜਾ ਦਲ ਖਾਲਸਾ ਦਾ ਮੈਂਬਰ ਹੈ। ਉਹ ਮੱਥਾ ਟੇਕਣ ਦੇ ਬਹਾਨੇ ਹਰਿਮੰਦਰ ਸਾਹਿਬ ਆਇਆ ਸੀ। ਸੁਖਬੀਰ ਬਾਦਲ ਦੇ ਸੁਰੱਖਿਆ ਕਰਮੀਆਂ ਨੂੰ ਵੀ ਇਸ ਦੀ ਭਿਣਕ ਮਿਲ ਗਈ ਸੀ। ਇਸ ਕਰਕੇ ਉਹ ਚੌੜੇ 'ਤੇ ਨਜ਼ਰ ਰੱਖ ਰਹੇ ਸੀ। ਚੌੜਾ ਪਹਿਲਾਂ ਉਥੇ ਹੀ ਘੁੰਮਦਾ ਰਿਹਾ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਹਰਿਮੰਦਰ ਸਾਹਿਬ ਦੇ ਗੇਟ ਵੱਲ ਵਧਿਆ, ਜਿੱਥੇ ਸੁਖਬੀਰ ਬਾਦਲ ਵ੍ਹੀਲਚੇਅਰ 'ਤੇ ਬੈਠ ਕੇ ਸੇਵਾਦਾਰ ਦੀ ਡਿਊਟੀ ਕਰ ਰਹੇ ਸਨ।


ਜਦੋਂ ਸੁਖਬੀਰ ਬਾਦਲ ਤੋਂ ਉਸ ਦੀ ਦੂਰੀ ਕੁਝ ਮੀਟਰ ਹੀ ਰਹਿ ਗਈ ਤਾਂ ਉਸ ਨੇ ਆਪਣੀ ਜੈਕੇਟ ਵਿੱਚ ਛੁਪਿਆ ਪਿਸਤੌਲ ਕੱਢ ਲਿਆ ਤੇ ਸੁਖਬੀਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਖਬੀਰ ਦੇ ਸੁਰੱਖਿਆ ਕਰਮਚਾਰੀ ਪਹਿਲਾਂ ਹੀ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਸਨ। ਉਸ ਦੀ ਹਰਕਤ ਦੇਖ ਕੇ ਸੁਰੱਖਿਆ ਮੁਲਾਜ਼ਮਾਂ ਨੇ ਝੱਟ ਉਸ ਦਾ ਹੱਥ ਫੜ ਕੇ ਉੱਪਰ ਚੁੱਕ ਦਿੱਤਾ ਜਿਸ ਕਾਰਨ ਗੋਲੀ ਹਰਿਮੰਦਰ ਸਾਹਿਬ ਦੀ ਕੰਧ ਨਾਲ ਲੱਗ ਗਈ। ਇਸ ਤੋਂ ਬਾਅਦ ਥਾਣੇਦਾਰ ਰਛਪਾਲ ਸਿੰਘ ਤੇ ਪਰਮਿੰਦਰ ਸਿੰਘ ਨੇ ਉਸ ਨੂੰ ਫੜ ਲਿਆ।