Bathinda is the hottest in country: ਦੇਸ਼ ਭਰ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਪਿਛਲੇ ਸੱਤ ਦਿਨਾਂ ਵਿੱਚ ਦੇਸ਼ ਭਰ ਵਿੱਚ ਤਾਪਮਾਨ 8 ਤੋਂ 13 ਡਿਗਰੀ ਸੈਲਸੀਅਸ ਵਧਿਆ ਹੈ। ਮੰਗਲਵਾਰ ਨੂੰ ਪੰਜਾਬ ਦਾ ਬਠਿੰਡਾ 47.6 ਡਿਗਰੀ ਸੈਲਸੀਅਸ ਨਾਲ ਦੇਸ਼ ਵਿੱਚ ਸਭ ਤੋਂ ਗਰਮ ਰਿਹਾ। ਬਠਿੰਡਾ 'ਚ ਅੰਬਰੋਂ ਅੱਗ ਵਰ੍ਹ ਰਹੀ ਹੈ। ਸ਼ਹਿਰ ਭੱਠੀ ਵਾਂਗ ਤਪ ਰਿਹਾ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਹਰਿਆਣਾ ਦੇ ਸਿਰਸਾ ਵਿੱਚ ਪਾਰਾ 46.2 ਡਿਗਰੀ ਦਰਜ ਕੀਤਾ ਗਿਆ। 

ਰਾਜਸਥਾਨ ਵਿੱਚ ਵੀ ਗਰਮੀ ਤੇ ਹੀਟਵੇਵ ਦਾ ਪ੍ਰਭਾਵ ਜਾਰੀ ਹੈ। ਮੰਗਲਵਾਰ ਨੂੰ ਰਾਜਸਥਾਨ ਦੇ 3 ਸ਼ਹਿਰਾਂ ਦਾ ਤਾਪਮਾਨ 46 ਡਿਗਰੀ ਜਾਂ ਇਸ ਤੋਂ ਵੱਧ ਦਰਜ ਕੀਤਾ ਗਿਆ। ਸ਼੍ਰੀਗੰਗਾਨਗਰ ਵਿੱਚ 47.4 ਡਿਗਰੀ ਸੈਲਸੀਅਸ, ਕੋਟਾ ਵਿੱਚ 46.3 ਡਿਗਰੀ ਸੈਲਸੀਅਸ ਤੇ ਬੀਕਾਨੇਰ ਵਿੱਚ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੇਸ਼ ਦੇ ਉੱਤਰੀ ਰਾਜਾਂ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। 

ਮੰਗਲਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਪਰ ਗਰਮੀ 47 ਡਿਗਰੀ ਸੈਲਸੀਅਸ ਮਹਿਸੂਸ ਹੋਈ। ਅੱਜ ਦਿੱਲੀ ਦਾ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਉਧਰ, ਕੇਰਲ ਵਿੱਚ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 13 ਜੂਨ ਨੂੰ 4 ਜ਼ਿਲ੍ਹਿਆਂ ਤੇ 14 ਜੂਨ ਨੂੰ 9 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦਾ ਔਰੰਜ ਅਲਰਟ ਜਾਰੀ ਕੀਤਾ ਹੈ।

ਦਰਅਸਲ ਇਸ ਵਾਰ ਪੰਜਾਬ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਤਾਪਮਾਨ 0.3 ਡਿਗਰੀ ਵਧਿਆ ਹੈ, ਜੋ ਆਮ ਨਾਲੋਂ 5.4 ਡਿਗਰੀ ਵੱਧ ਹੈ। ਬਠਿੰਡਾ ਦੇਸ਼ ਵਿੱਚ ਸਭ ਤੋਂ ਗਰਮ ਰਿਹਾ। ਇੱਥੇ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਰਾਜ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਹੈ। ਅੱਜ 18 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਰਾਤ ਨੂੰ ਵੀ ਗਰਮੀ ਵਧਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਮੁਤਾਬਕ ਇਹ ਸਥਿਤੀ 12 ਜੂਨ ਤੱਕ ਬਣੀ ਰਹਿ ਸਕਦੀ ਹੈ, ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 13 ਸਾਲਾਂ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ। ਇਸ ਤੋਂ ਪਹਿਲਾਂ 1 ਜੂਨ 2012 ਨੂੰ ਅੰਮ੍ਰਿਤਸਰ ਵਿੱਚ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ ਵੀ 44 ਡਿਗਰੀ ਤੱਕ ਪਹੁੰਚ ਗਿਆ ਹੈ।