Jathedar Kuldeep Singh Gargaj: ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਤਾਜਪੋਸ਼ੀ ਮਗਰੋਂ ਨਿਹੰਗ ਸੰਗਠਨਾਂ ਦੇ ਮੁਖੀਆਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਨਿਹੰਗ ਜਥੇਬੰਦੀਆਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਕੀਤੀ ਤਾਜਪੋਸ਼ੀ ਕਦੇ ਵੀ ਮਨਜ਼ੂਰ ਨਹੀਂ ਹੋ ਸਕਦੀ। ਨਿਹੰਗ ਜਥੇਬੰਦੀਆਂ ਨੇ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਿੱਖ ਸੰਗਤਾਂ ਵਿੱਚ ਵੀ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਲੈ ਕੇ ਰੋਸ ਵਧ ਗਿਆ ਹੈ।
ਅੱਜ ਤਾਜਪੋਸ਼ੀ ਤੋਂ ਬਾਅਦ 96 ਕਰੋੜਪਤੀ ਬਾਬਾ ਬਲਬੀਰ ਸਿੰਘ ਤੇ ਹੋਰ ਨਿਹੰਗ ਸੰਗਠਨਾਂ ਦੇ ਮੁਖੀਆਂ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਹੋਰ ਸਾਰੀਆਂ ਸੰਸਥਾਵਾਂ ਦੀ ਗੈਰਹਾਜ਼ਰੀ ਵਿੱਚ ਹੋਈ ਇਸ ਦਸਤਾਰਬੰਦੀ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਇਹ ਤਾਜਪੋਸ਼ੀ ਹੋਈ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਨਹੀਂ ਸੀ ਹੋਇਆ। ਇਹ ਤਾਜਪੋਸ਼ੀ ਮਰਿਆਦਾ ਦੇ ਉਲਟ ਕੀਤੀ ਗਈ ਹੈ। ਇਸ ਨਾਲ ਤਖਤ ਦੀ ਸ਼ਾਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਹੋਲਾ ਮਹੱਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਸਾਰੀਆਂ ਨਿਹੰਗ ਜਥੇਬੰਦੀਆਂ ਵੀ ਇੱਥੇ ਪਹੁੰਚ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦਾ ਵਿਰੋਧ ਕਰਾਂਗੇ।
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਨਾ ਗ੍ਰੰਥ ਹਾਜ਼ਰ, ਨਾ ਪੰਥ ਹਾਜ਼ਰ ਤੇ ਹੋ ਗਈ ਦਸਤਾਰਬੰਦੀ। ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਉਪਰ ਪੋਸਟ ਪਾ ਕੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਨਾ ਗ੍ਰੰਥ ਹਾਜਰ, ਨਾ ਪੰਥ ਹਾਜਰ ਤੇ ਹੋ ਗਈ ਦਸਤਾਰਬੰਦੀ। ਭਗੌੜਿਆਂ ਦੀ ਟੰਗਣਾ ਮਨੌਤ ਗਿਆਨੀ ਹਰਪ੍ਰੀਤ ਸਿੰਘ ਬਾਰੇ ਚੀਕ ਚੀਕ ਕੇ ਆਖਦੀ ਸੀ ਕਿ ਇਸ ਨੇ ਮਰਿਆਦਾ ਦੀ ਉਲੰਘਣਾ ਕੀਤੀ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਬਾਰੇ ਵੀ ਦੋਸ਼ ਲਾਇਆ ਗਿਆ ਕਿ ਇਨਾ ਨੇ ਮਰਿਆਦਾ ਅਨੁਸਾਰ ਕਾਰਜ ਨਹੀਂ ਕੀਤੇ। ਹੁਣ ਅੱਜ ਕਿਹੜੀ ਮਰਿਆਦਾ ਦੀ ਪਾਲਣਾ ਹੋਈ। ਨਾ ਸੱਚਿਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜਰ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਹਾਜਰ ਨਾ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਹਾਜਰ ਨਾ ਮੈਂਬਰ ਹਾਜਰ ਨਾ ਦੁਜੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬ ਹਾਜਰ ਤੇ ਹੋ ਗਈ ਦਸਤਾਰ ਬੰਦੀ।
ਉਧਰ, ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਟਕਰਾਅ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਣ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਤਾਰਾਂ ਦਿੱਤੀਆਂ ਗਈਆਂ ਹਨ। ਉਪਰੰਤ ਸਿੰਘ ਸਾਹਿਬ ਨੂੰ ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿਰਪਾਓ ਦਿੱਤੇ ਗਏ। ਤਸਵੀਰਾਂ ਨਾਲ ਨੱਥੀ ਹਨ। ਗਲਤ ਪ੍ਰਚਾਰ ਨਾ ਕੀਤਾ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।