CEIR Portal: ਹੁਣ ਮੋਬਾਈਲ ਫੋਨ ਗੁਆਚ ਜਾਏ ਤਾਂ ਘਬਰਾਉਣ ਦੀ ਲੋੜ ਨਹੀਂ। ਪੰਜਾਬ ਪੁਲਿਸ ਗੁਆਚਿਆ ਮੋਬਾਈਲ ਫੋਨ ਲੱਭ ਕੇ ਦੇਵੇਗੀ। ਤੁਹਾਨੂੰ ਇਸ ਲਈ ਥਾਣੇ ਜਾਣ ਦੀ ਵੀ ਲੋੜ ਨਹੀਂ। ਤੁਸੀਂ ਇਸ ਦੀ ਸ਼ਿਕਾਇਤ CEIR Portal ਉਪਰ ਦੇ ਸਕਦੇ ਹੋ। ਇਸ ਮਗਰੋਂ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਆ ਜਾਏਗੀ ਤੇ CEIR ਦੀ ਮਦਦ ਨਾਲ ਫੋਨ ਲੱਭ ਕੇ ਤੁਹਾਡੇ ਤੱਖ ਪਹੁੰਚਾਏਗੀ। ਹੁਣ ਤੱਕ ਪੁਲਿਸ ਸੈਂਕੜੇ ਫੋਨ ਬਰਾਮਦ ਕਰਕੇ ਮਾਲਕਾਂ ਨੂੰ ਵਾਪਸ ਕਰ ਚੁੱਕੀ ਹੈ।
ਦਰਅਸਲ ਬਠਿੰਡਾ ਵਿੱਚ ਕੇਂਦਰੀ ਉਪਕਰਨ ਪਛਾਣ ਰਜਿਸਟਰ ਪੋਰਟਲ (ਸੀਈਆਈਆਰ) ਦੀ ਮਦਦ ਨਾਲ ਪੁਲਿਸ ਨੇ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਸਬੰਧਤ ਮਾਲਕਾਂ ਨੂੰ ਸੌਂਪਿਆ ਹੈ। ਪੁਲਿਸ ਨੇ 106 ਵਿਅਕਤੀਆਂ ਦੇ ਮੋਬਾਈਲ ਫੋਨ ਵਾਪਸ ਕੀਤੇ ਹਨ। ਇਸ ਕਾਰਨ ਮੋਬਾਈਲ ਮਾਲਕਾਂ ਨੇ ਬਠਿੰਡਾ ਪੁਲਿਸ ਦੀ ਸ਼ਲਾਘਾ ਕੀਤੀ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਆਈਜੀ ਹਰਜੀਤ ਸਿੰਘ ਨੇ ਦੱਸਿਆ ਕਿ ਸੀਈਆਈਆਰ ਪੋਰਟਲ ਦੀ ਮਦਦ ਨਾਲ ਜ਼ਿਲ੍ਹਾ ਬਠਿੰਡਾ ਪੁਲਿਸ ਦੀ ਸਮੁੱਚੀ ਜੁਆਇੰਟ ਟੀਮ ਦੇ ਤਜਰਬੇਕਾਰ ਮੁਲਾਜ਼ਮਾਂ ਦੀ ਸਾਂਝੀ ਟੀਮ ਵਰਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਆਧੁਨਿਕ ਵਿਗਿਆਨਕ ਤਕਨੀਕ ਦੀ ਵਰਤੋਂ ਕਰਦਿਆਂ 106 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਗਏ ਜਿਸ ਦੀ ਕੁੱਲ ਕੀਮਤ 17.25 ਲੱਖ ਰੁਪਏ ਦੇ ਕਰੀਬ ਸੀ।
ਉਨ੍ਹਾਂ ਦੱਸਿਆ ਕਿ ਇਹ ਪੋਰਟਲ ਅਪ੍ਰੈਲ 2023 ਤੋਂ ਕਾਰਜਸ਼ੀਲ ਹੈ ਜਿਸ ਰਾਹੀਂ ਬਠਿੰਡਾ ਪੁਲਿਸ ਵੱਲੋਂ ਕੁੱਲ 448 ਮੋਬਾਈਲ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਠਿੰਡਾ ਪੁਲਿਸ ਲਗਾਤਾਰ 24 ਘੰਟੇ ਕੰਮ ਕਰ ਰਹੀ ਹੈ, ਜਿਸ ਦੇ ਸਿੱਟੇ ਵਜੋਂ ਲੋਕਾਂ ਦੇ ਗੁੰਮ ਹੋਏ ਬਾਕੀ ਬਚੇ ਮੋਬਾਈਲ ਫੋਨ ਆਉਣ ਵਾਲੇ ਸਮੇਂ ਵਿੱਚ ਬਰਾਮਦ ਹੋਣ ਦੀ ਵੱਡੀ ਉਮੀਦ ਹੈ।
ਸੀਈਆਈਆਰ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਸੀਈਆਈਆਰ ਪੋਰਟਲ 'ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਇਸ ਸਬੰਧੀ ਨਜ਼ਦੀਕੀ ਥਾਣੇ ਵਿੱਚ ਸ਼ਿਕਾਇਤ ਵੀ ਕਰਨ। ਡੀਆਈਜੀ ਨੇ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਲੋਕਾਂ ਦੇ ਗੁੰਮ ਹੋਏ ਮੋਬਾਈਲਾਂ ਦੀ ਬਰਾਮਦਗੀ ਲਈ ਸ਼ੁਰੂ ਕੀਤੀ ਗਈ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।