Flood in Punjab: ਸਤਲੁੱਜ, ਬਿਆਸ ਤੇ ਰਾਵੀ ਦਰਿਆਵਾਂ ਵਿੱਚ ਆਏ ਹੜ੍ਹ ਮਗਰੋਂ ਹੁਣ ਘੱਗਰ ਦਰਿਆ ਵੀ ਡਰਾਉਣ ਲੱਗਾ ਹੈ। ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਰਕੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਉਧਰ, ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਕਰਕੇ ਵੱਡੀ ਨਦੀ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਰਕੇ ਮੁਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ਨੂੰ ਵੀ ਹੜ੍ਹਾਂ ਦਾ ਖਤਰਾ ਸਤਾਉਣ ਲੱਗਾ ਹੈ। ਇਸ ਵਾਰ ਸੁਖਨਾ ਝੀਲ ਵਿੱਚ ਵਾਰ-ਵਾਰ ਪਾਣੀ ਦਾ ਪੱਧਰ ਵਧਣ ’ਤੇ ਅੱਜ ਅੱਠਵੀਂ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ।
ਦਰਅਸਲ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਅੱਜ ਤੜਕੇ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ 1163 ਫੁੱਟ ਨੂੰ ਟੱਪ ਗਿਆ। ਝੀਲ ਵਿੱਚ ਪਾਣੀ ਵੱਧਦਾ ਦੇਖ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਉੱਤੇ ਸਥਿਤ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਖੋਲ੍ਹ ਦਿੱਤੇ। ਹਾਲਾਂਕਿ ਫਲੱਡ ਗੇਟ ਖੋਲ੍ਹਣ ਦੇ ਬਾਵਜੂਦ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਲਗਾਤਾਰ ਜਾਰੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਲੱਡ ਗੇਟ ਥੋੜ੍ਹੇ-ਥੋੜ੍ਹੇ ਖੋਲ੍ਹੇ ਹਨ ਪਰ ਪਾਣੀ ਵਧਣ ਉੱਤੇ ਹੋਰ ਖੋਲ੍ਹੇ ਜਾ ਸਕਦੇ ਹਨ।
ਦੱਸ ਦਈਏ ਕਿ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਸੁਖਨਾ ਝੀਲ ਦੇ ਦੋ ਹੜ੍ਹ ਗੇਟ ਤਿੰਨ ਇੰਚ ਖੋਲ੍ਹ ਦਿੱਤੇ ਗਏ। ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ ਤੇ ਇਹ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਜ਼ੀਰਕਪੁਰ ਦੇ ਮੁਬਾਰਕਪੁਰ ਇਲਾਕੇ ਵਿੱਚ ਪਾਣੀ ਕਾਜ਼ਵੇਅ ਦੇ ਉੱਪਰੋਂ ਵਹਿ ਰਿਹਾ ਹੈ। ਇਸ ਲਈ ਸੜਕ ਬੰਦ ਕਰ ਦਿੱਤੀ ਗਈ ਹੈ ਤੇ ਉੱਥੇ ਰਹਿਣ ਵਾਲੀਆਂ ਕਲੋਨੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਿੱਚ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਦਰਅਸਲ ਪਹਾੜਾਂ ਵਿੱਚ ਪੈ ਰਹੀ ਬਾਰਸ਼ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਹਾਲਤ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਹੁਣ ਤੱਕ ਸੂਬੇ ਦੇ 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨ ਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਉਧਰ, ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ।
ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ। ਫ਼ੋਨ 'ਤੇ ਗੱਲਬਾਤ ਦੌਰਾਨ ਰਾਜਪਾਲ ਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਸਥਿਤੀ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਰਾਹਤ ਕਾਰਜਾਂ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸ਼ਾਹ ਨੇ ਭਰੋਸਾ ਦਿੱਤਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।