Pargat Singh on Kejriwal: ਦਿੱਲੀ ਸਰਕਾਰ ਵੱਲੋਂ ਪੁਰਾਣੀ ਆਬਕਾਰੀ ਨੀਤੀ ਦੁਬਾਰਾ ਲਾਗੂ ਕਰਨ ਨੂੰ ਲੈ ਕੇ ਵਿਰੋਧੀ ਲਗਾਤਾਰ ਦਿੱਲੀ ਸਰਕਾਰ  'ਤੇ ਹਮਲਾਵਰ ਨਜ਼ਰ ਆ ਰਹੇ ਹਨ। ਹੁਣ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵੀ ਕੇਜਰੀਵਾਲ  'ਤੇ ਹਮਲਾ ਬੋਲਿਆ ਹੈ। ਪਰਗਟ ਸਿੰਘ ਨੇ ਟਵੀਟ ਕਰ ਲਿਖਿਆ ਕਿ ਕੇਜਰੀਵਾਲ ਨੂੰ ਯੂ ਟਰਨ ਦਾ ਮਾਸਟਰ ਦੱਸਦਿਆਂ ਕਿਹਾ ਕਿ 'ਕੱਟੜ ਇਮਾਨਦਾਰ' ਕੇਜਰੀਵਾਲ ਨੇ ਸੀਬੀਆਈ ਦੇ ਡਰੋਂ ਆਬਕਾਰੀ ਨੀਤੀ ਵਾਪਸ ਲਈ ਹੈ। ਉਹਨਾਂ ਕਿਹਾ ਕਿ ਨੈਤਿਕਤਾ ਦੇ ਆਧਾਰ  'ਤੇ ਘੱਟੋ ਘੱਟ ਕੋਈ ਸਟੈਂਡ ਤਾਂ ਰੱਖੋ। 






ਦੱਸ ਦਈਏ ਕਿ ਦਿੱਲੀ ਸਰਕਾਰ ਨੇ ਹਾਲ ਦੀ ਘੜੀ ਨਵੀਂ ਆਬਕਾਰੀ ਨੀਤੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਤੇ ਸ਼ਰਾਬ ਦੀ ਵਿਕਰੀ ਸਿਰਫ਼ ਸਰਕਾਰੀ ਦੁਕਾਨਾਂ ਰਾਹੀਂ ਹੀ ਹੋਵੇਗੀ। ਸ਼ਹਿਰ ’ਚ ਚੱਲ ਰਹੀਆਂ ਸ਼ਰਾਬ ਦੀਆਂ 468 ਪ੍ਰਾਈਵੇਟ ਦੁਕਾਨਾਂ ਪਹਿਲੀ ਅਗਸਤ ਤੋਂ ਬੰਦ ਹੋ ਜਾਣਗੀਆਂ ਕਿਉਂਕਿ ਉਨ੍ਹਾਂ ਦੇ ਲਾਇਸੈਂਸਾਂ ਦੀ ਮਿਆਦ ਤੇ ਨਵੀਂ ਆਬਕਾਰੀ ਨੀਤੀ 31 ਜੁਲਾਈ ਨੂੰ ਖ਼ਤਮ ਹੋ ਰਹੀ ਹੈ। 


ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਉਹ ਗੁਜਰਾਤ ਵਿੱਚ ਗੈਰਕਾਨੂੰਨੀ ਸ਼ਰਾਬ ਕਾਰੋਬਾਰ ਚਲਾ ਰਹੀ ਹੈ ਤੇ ਉਹ ਦਿੱਲੀ ਵਿੱਚ ਵੀ ਅਜਿਹਾ ਹੀ ਕਰਨਾ ਚਾਹੁੰਦੇ ਹਨ। ਐਕਸਾਈਜ਼ ਵਿਭਾਗ ਦਾ ਜ਼ਿੰਮਾ ਸੰਭਾਲ ਰਹੇ ਸਿਸੋਦੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਦੇ ਮੁੱਖ ਸਕੱਤਰ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹੁਣ ਸ਼ਰਾਬ ਦੀ ਵਿਕਰੀ ਸਿਰਫ਼ ਸਰਕਾਰੀ ਦੁਕਾਨਾਂ ਰਾਹੀਂ ਹੀ ਹੋਵੇ ਤੇ ਹੁਣ ਕਿਸੇ ਕਿਸਮ ਦੀ ਉਲਝਣ ਨਹੀਂ। 



ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸੀਬੀਆਈ ਤੇ ਈਡੀ ਜਿਹੀਆਂ ਏਜੰਸੀਆਂ ਦੀ ਵਰਤੋਂ ਸ਼ਰਾਬ ਦੇ ਲਾਇਸੈਂਸਕਰਤਾਵਾਂ ਤੇ ਐਕਸਾਈਜ ਅਧਿਕਾਰੀਆਂਨੂੰ ਧਮਕਾਉਣ ਲਈ ਕਰ ਰਹੀ ਹੈ, ਜਿਸ ਦੌਰਾਨ ਜਿੱਥੇ ਉਨ੍ਹਾਂ ’ਚੋਂ ਕਈਆਂ ਨੇ ਹੁਣ ਦੁਕਾਨਾਂ ਬੰਦ ਕਰ ਦਿੱਤੀਆਂ ਹਨ, ਉੱਥੇ ਐਕਸਾਈਜ਼ ਅਧਿਕਾਰੀ  ਰਿਟੇਲ ਲਾਇਸੈਂਸਾਂ ਦੀ ਖੁੱਲ੍ਹੀ ਬੋਲੀ ਸ਼ੁਰੂ ਕਰਨ ਤੋਂ ਡਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ,‘ਉਹ ਸ਼ਰਾਬ ਦੀ ਥੁੜ੍ਹ ਪੈਦਾ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਦਿੱਲੀ ਵਿੱਚ ਗੈਰਕਾਨੂੰਨੀ ਸ਼ਰਾਬ ਕਾਰੋਬਾਰ ਕਰ ਸਕਣ ਜਿਵੇਂ ਉਹ ਗੁਜਰਾਤ ਵਿੱਚ ਕਰ ਰਹੇ ਹਨ।