Punjab News: ਪੰਜਾਬ ਵਿੱਚ ਅਪਰਾਧ ਦੀਆਂ ਖਬਰਾਂ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਬੀਤੇ ਦਿਨੀਂ ਬਠਿੰਡਾ–ਬਾਦਲ ਸੜਕ ’ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਸ਼ਾਮ ਸਮੇਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਕਾਰ ਸਵਾਰ ਪੰਜ ਲੁਟੇਰਿਆਂ ਫਰਾਰ ਹੋਏ । ਜਿਨ੍ਹਾਂ ਨੂੰ ਰੋਕਣ ’ਤੇ ਐਕਸਾਈਜ਼ ਵਿਭਾਗ ਦੇ ਹੌਲਦਾਰ ’ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ ਗਿਆ।


ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਰਹੇ ਸੀ


ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪਿੰਡ ਘੁੱਦਾ ਵਿਖੇ 5 ਸਫਿਟ ਕਾਰ ਸਵਾਰ ਨੌਜਵਾਨ ਪਾਰਸਲ ਵਾਲੇ ਨੂੰ ਲੁੱਟ ਕੇ ਬਾਦਲ ਵਾਲੇ ਪਾਸੇ ਫਰਾਰ ਹੋ ਗਏ। ਜਦ ਇਸ ਗੱਲ ਦਾ ਪਤਾ ਥਾਣਾ ਨੰਦਗੜ੍ਹ ਦੀ ਪੁਲਿਸ ਨੂੰ ਲੱਗਿਆ ਤਾਂ ਉਸ ਨੇ ਪਿੰਡ ਕਾਲਝਰਾਣੀ ਵਿਖੇ ਗਏ ਐਕਸਾਈਜ਼ ਵਿਭਾਗ ਦੇ ਮੁਲਜ਼ਮਾਂ ਨੂੰ ਉਕਤ ਕਾਰ ਸਵਾਰ ਲੁਟੇਰਿਆਂ ਨੂੰ ਫੜ੍ਹਨ ਲਈ ਕਿਹਾ।


 ਪੁਲਿਸ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ


ਲੁਟੇਰਿਆਂ ਨੇ ਜਦੋਂ ਕਾਰ ਕਾਲਝਰਾਣੀ ਤੋਂ ਪਿੰਡ ਧੁੰਨੀਕੇ ਨੂੰ ਜਾਂਦੀ ਲਿੰਕ ਸੜਕ ’ਤੇ ਪਾ ਲਈ ਤਾਂ ਅੱਗਿਓਂ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਨੇ ਲੁਟੇਰਿਆਂ ਨੂੰ ਫੜ੍ਹਨ ਲਈ ਆਪਣੀ ਗੱਡੀ ਕਰ ਦਿੱਤੀ। ਜਦ ਐਕਸਾਈਜ਼ ਵਿਭਾਗ ਦਾ ਹੌਲਦਾਰ ਕਿੱਕਰ ਸਿੰਘ ਲੁਟੇਰਿਆਂ ਨੂੰ ਫੜ੍ਹਨ ਲਈ ਗੱਡੀ ’ਚੋਂ ਬਾਹਰ ਉਤਰਿਆਂ ਤਾਂ ਇੱਕ ਲੁਟੇਰੇ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦਿਆਂ ਉਸ ਦਾ ਗੁੱਟ ਵੱਢ ਦਿੱਤਾ। ਮੁਲਾਜ਼ਮਾਂ ਨੇ ਆਪਣੀ ਗੱਡੀ ਭਜਾ ਲਈ, ਕਾਹਲੀ ’ਚ ਐਕਸਾਈਜ਼ ਵਿਭਾਗ ਦਾ ਇਕ ਮੁਲਾਜ਼ਮ ਗੱਡੀ ’ਚ ਚੜ੍ਹਨ ਤੋਂ ਰਹਿ ਗਿਆ। ਚਾਰ ਲੁਟੇਰੇ ਕਾਰ ’ਚੋਂ ਉਤਰ ਕੇ ਐਕਸਾਈਜ਼ ਵਿਭਾਗ ਦੇ ਥੱਲੇ ਖੜ੍ਹੇ ਕਰਮਚਾਰੀ ਨੂੰ ਮਾਰਨ ਨੂੰ ਪੈ ਗਏ, ਮੁਲਾਜ਼ਮ ਲੁਟੇਰਿਆਂ ਤੋਂ ਆਪਣੀ ਜਾਨ ਬਚਾਉਣ ਲਈ ਖੇਤਾਂ ਵੱਲ ਨੂੰ ਭੱਜ ਗਏ। 


ਪਿੰਡ ਵਾਲਿਆਂ ਨੇ ਦਿਖਾਈ ਹਿੰਮਤ


ਅੱਗੋਂ ਪਿੰਡ ਦੀ ਸਰਪੰਚ ਕਮਲ ਕੌਰ ਦਾ ਪਤੀ ਦਤਿੰਦਰ ਸਿੰਘ ਆਪਣੇ ਪਿਤਾ ਤੇ ਇੱਕ ਮਜ਼ਦੂਰ ਨਾਲ ਖੇਤ ’ਚ ਕੰਮ ਕਰ ਰਿਹਾ ਸੀ, ਜਦੋਂ ਮੁਲਾਜ਼ਮ ਜਾਨ ਬਚਾਉਣ ਲਈ ਸਰਪੰਚ ਕੋਲ ਪਹੁੰਚਿਆ ਤਾਂ ਉਨ੍ਹਾਂ ਮੁਲਾਜ਼ਮ ਦੀ ਰੱਖਿਆ ਕਰਦਿਆਂ ਲੁਟੇਰਿਆਂ ਦੇ ਮਾਰਨ ਲਈ ਕਹੀ ਚੁੱਕ ਲਈ, ਜਿਸ ’ਤੇ ਲੁਟੇਰੇ ਡਰ ਕੇ ਨਰਮੇ ਦੇ ਖੇਤ ’ਚ ਲੁਕ ਗਏ। ਹਵਾਈ ਫਾਇਰ ਕਰਨ ’ਤੇ ਲੁਟੇਰੇ ਭੱਜ ਗਏ। ਜਿੱਥੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਘੇਰਾ ਪਾ ਕੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਥਾਣਾ ਨੰਦਗੜ੍ਹ ਦੇ ਇੰਚਾਰਜ ਹਰਸਿਮਰਨ ਸਿੰਘ ਗੋਦਾਰਾ ਨੇ ਦੱਸਿਆ ਕਿ ਇਹ ਘਟਨਾ ਹੋਈ ਜ਼ਰੂਰ ਹੈ ਪਰ ਉਹ ਡਿਟੇਲ ’ਚ ਹਾਲੇ ਕੁੱਝ ਨਹੀਂ ਦੱਸ ਸਕਦੇ, ਉਹ ਕਾਰਵਾਈ ਕਰਨ ’ਚ ਲੱਗੇ ਹੋਏ ਹਨ।