ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ (AAP) ਦੀ ਸਰਕਾਰ ਇਕ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ।ਹਾਲਹੀ  'ਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jorhamajra) ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਦੀ ਕੀਤੀ ਗਈ ਕਥਿਤ ਬੇਇਜ਼ਤੀ ਦੀ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 


ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਕਾਰਵਾਈ ਸਿਹਤ ਮੰਤਰੀ ਦੇ ਵਿਵਹਾਰ 'ਚ ਬੁਨਿਆਦੀ ਸ਼ਿਸਟਾਚਾਰ ਦੀ ਘਾਟ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਮੰਤਰੀ ਦੇ ਨਾਲ ‘ਆਪ’ ਦੇ ਵਰਕਰ ਇਸ ਮੰਦਭਾਗੀ ਘਟਨਾ ਦਾ ਵੀਡੀਓ ਬਣਾ ਰਹੇ ਸੀ ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 


ਬਾਜਵਾ ਨੇ ਕਿਹਾ, "ਜੇਕਰ ਆਮ ਆਦਮੀ ਪਾਰਟੀ ਵਿੱਚ ਚੱਲ ਰਹੀ ਇਸ ਅਣਚਾਹੀ ਰਵਾਇਤ ’ਤੇ ਰੋਕ ਨਾ ਲਾਈ ਗਈ ਤਾਂ ਜ਼ਮੀਨੀ ਪੱਧਰ ’ਤੇ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਜਾਣਗੇ। ਇਸ ਨਾਲ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਣਗੀਆਂ।"


 









ਪ੍ਰਤਾਪ ਬਾਜਵਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਇੱਕ ਵਿਸ਼ਵ-ਪ੍ਰਸਿੱਧ ਆਰਥੋਪੀਡਿਕ ਸਰਜਨ ਹਨ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅਤੇ ਪੀਜੀਆਈ, ਚੰਡੀਗੜ੍ਹ ਵਿੱਚ 19 ਸਾਲਾਂ ਦੌਰਾਨ ਰੀੜ੍ਹ ਦੀ ਹੱਡੀ ਦੀਆਂ ਹਜਾਰਾਂ ਸਰਜਰੀਆਂ ਕਰਨ ਦਾ ਵਿਸ਼ਾਲ ਤਜਰਬਾ ਹੈ। 


 



LOP ਬਾਜਵਾ ਨੇ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ 15 ਤੋਂ ਵੱਧ ਵੱਕਾਰੀ ਸੰਸਥਾਵਾਂ ਦੀ ਅਗਵਾਈ ਕਰ ਚੁੱਕੇ ਹਨ ਅਤੇ ਦਸੰਬਰ 2014 ਤੋਂ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ। ਬਾਜਵਾ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਹਸਪਤਾਲ ਦੀ ਸਾਰੀ ਸਥਿਤੀ ਦਾ ਜਾਇਜਾ ਲੈਂਦੇ ਅਤੇ ਬਾਅਦ ਵਿਚ ਡਾ: ਰਾਜ ਬਹਾਦਰ ਨਾਲ ਵਨ-ਟੂ-ਵਨ ਮੀਟਿੰਗ ਵਿੱਚ ਇਸ ਬਾਰੇ ਚਰਚਾ ਕਰਦੇ। ਅਸਲੀਅਤ ਅਤੇ ਕਾਰਨਾਂ ਨੂੰ ਜਾਣੇ ਬਿਨਾਂ ਹੀ ਸਿਹਤ ਮੰਤਰੀ ਨੇ ਲੋਕਾਂ ਵਿੱਚ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੰਤਰੀ ਦੀ ਇਸ ਗਲਤੀ ਨਾਲ ਪੰਜਾਬ ਦੇ ਆਮ ਲੋਕ ਇਕ ਮਾਹਰ ਡਾਕਟਰ ਦੀ ਕਾਬਲੀਅਤ ਅਤੇ ਵੱਡੇ ਤਜਰਬੇ ਤੋਂ ਵਾਂਝੇ ਹੋ ਗਏ ਹਨ।