Moong Dal purchase on MSP : ਪੰਜਾਬ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਪਹਿਲੀ ਵਾਰ ਸੂਬੇ ਵਿੱਚ ਮੂੰਗੀ ਦੀ ਫਸਲ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਪਾਸੋਂ ਸਿੱਧੇ ਤੌਰ ਉਤੇ ਖਰੀਦਣੀ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਮੰਡੀ ਵਿਚ ਹੁਣ ਤੱਕ ਕੁੱਲ ਫਸਲ ਦੀ 58 ਫੀਸਦੀ ਆਮਦ ਹੋਈ ਹੈ, ਜਿਸ ਨਾਲ ਇਹ ਮੰਡੀ ਪੰਜਾਬ ਭਰ ਵਿੱਚੋਂ ਮੋਹਰੀ ਬਣ ਗਈ ਹੈ। ਮੂੰਗੀ 7275 ਰੁਪਏ ਪ੍ਰਤੀ ਕੁਇੰਟਲ ਦੇ ਸਮਰਥਨ ਮੁੱਲ ਉਤੇ ਖਰੀਦੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ 'ਤੇ ਕਿਸਾਨਾਂ ਨੇ ਇਸ ਸਾਲ ਇਕ ਲੱਖ ਏਕੜ ਰਕਬੇ ਹੇਠ ਮੂੰਗੀ ਦੀ ਬਿਜਾਈ ਕੀਤੀ ਜਦਕਿ ਪਿਛਲੇ ਸਾਲ 50,000 ਏਕੜ ਰਕਬਾ ਮੂੰਗੀ ਦੀ ਕਾਸ਼ਤ ਹੇਠ ਸੀ। ਇਸ ਸਾਲ ਸੂਬਾ ਭਰ ਵਿਚ 4.75 ਲੱਖ ਕੁਇੰਟਲ ਝਾੜ ਹੋਣ ਦਾ ਅਨੁਮਾਨ ਹੈ। ਸੂਬਾ ਸਰਕਾਰ ਨੇ ਮੰਡੀਕਰਨ ਸੀਜ਼ਨ-2022-23 ਲਈ ਮੂੰਗੀ ਦੀ ਫਸਲ ਖਰੀਦਣ, ਭੰਡਾਰਨ ਅਤੇ ਹੋਰ ਪ੍ਰਬੰਧਾਂ ਵਾਸਤੇ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਨੂੰ ਨੋਡਲ ਏਜੰਸੀਆਂ ਬਣਾਇਆ ਹੈ।
ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਨੇ ਮੂੰਗੀ ਦੀ ਫਸਲ 31 ਜੁਲਾਈ ਤੱਕ ਖਰੀਦਣ ਲਈ ਸੂਬਾ ਭਰ ਵਿਚ 40 ਮੰਡੀਆਂ ਨੋਟੀਫਾਈ ਕੀਤੀਆਂ ਹਨ। ਮੂੰਗੀ ਖਰੀਦਣ ਅਤੇ ਕਿਸਾਨਾਂ ਦੀ ਸਹੂਲਤ ਵਾਸਤੇ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਦਾ ਸਟਾਫ ਨੋਟੀਫਾਈ ਮੰਡੀਆਂ ਦਾ ਸਟਾਫ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਮੰਡੀ ਬੋਰਡ ਅਨੁਸਾਰ ਸੂਬਾ ਭਰ ਦੀਆਂ ਵੱਖ-ਵੱਖ ਮੰਡੀਆਂ ਵਿੱਚ 1503 ਕੁਇੰਟਲ ਮੂੰਗੀ ਦੀ ਫਸਲ ਦੀ ਆਮਦ ਹੋਈ ਹੈ, ਜਿਸ ਵਿੱਚੋਂ ਹੁਣ ਤੱਕ 878 ਕੁਇੰਟਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸੂਬੇ ਦੀ ਏਜੰਸੀ ਮਾਰਕਫੈੱਡ ਨੇ ਘੱਟੋ-ਘੱਟ ਸਮਰਥਨ ਮੁੱਲ 'ਤੇ 663 ਕੁਇੰਟਲ, ਜਦਕਿ ਬਾਕੀ 215 ਕੁਇੰਟਲ ਨਿੱਜੀ ਏਜੰਸੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਉੱਪਰ ਭਾਅ ਉੱਤੇ ਖਰੀਦੀ। ਸੂਬੇ ਦੀਆਂ ਮੰਡੀਆਂ ਵਿਚ ਹੁਣ ਤੱਕ ਹੋਈ ਕੁੱਲ ਆਮਦ ਵਿੱਚੋਂ ਇਕੱਲੀ ਜਗਰਾਉਂ ਮੰਡੀ ਵਿਚ 790 ਕੁਇੰਟਲ ਫਸਲ (58 ਫੀਸਦੀ) ਪਹੁੰਚੀ ਹੈ ਜਦਕਿ ਇਸ ਤੋਂ ਬਾਅਦ ਬਰਨਾਲਾ ਦੀਆਂ ਮੰਡੀਆਂ ਸ਼ਾਮਲ ਹਨ, ਜਿੱਥੇ 510 ਕੁਇੰਟਲ ਫਸਲ ਪਹੁੰਚੀ ਹੈ।