Chandigarh News: ਪੰਜਾਬ ਦੇ ਨੌਜਵਾਨ ਅਜੇ ਵੀ ਠੱਗ ਏਜੰਟਾਂ ਦਾ ਸ਼ਿਕਾਰ ਹੋ ਰਹੇ ਹਨ। ਇਹ ਨਕਲੀ ਏਜੰਟ ਨਾ ਸਿਰਫ ਭੋਲੇ-ਭਾਲੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਰਹੇ ਹਨ ਸਗੋਂ ਬੱਚਿਆਂ ਦੀ ਜ਼ਿੰਦਗੀ ਵੀ ਖਤਰੇ ਵਿੱਚ ਪਾ ਰਹੇ ਹਨ। ਲਿਬੀਆ ਤੋਂ ਪਰਤੇ ਨੌਜਵਾਨ ਨੇ ਡੌਂਕੀ ਦੀ ਰੂਹ ਕੰਬਾਉਣ ਵਾਲੀ ਕਹਾਣੀ ਦੱਸੀ ਹੈ। ਸੰਦੀਪ ਕੁਮਾਰ ਨਾਂ ਦਾ ਨੌਜਵਾਨ ਮੌਤ ਦੇ ਮੂੰਹ ਵਿੱਚ ਵਾਪਸ ਪਰਤਿਆ ਹੈ।



ਦਰਅਸਲ ਨਕਲੀ ਏਜੰਟ ਦੇ ਝਾਂਸੇ ਵਿੱਚ ਆ ਕੇ ਲਾਲੜੂ ਨੇੜਲੇ ਪਿੰਡ ਭੁਖੜੀ ਤੋਂ ਵਿਦੇਸ਼ ਲਈ ਗਿਆ ਸੰਦੀਪ ਕੁਮਾਰ (21) ਕਰੀਬ ਛੇ ਮਹੀਨਿਆਂ ਬਾਅਦ ਆਪਣੇ ਘਰ ਪਰਤਿਆ ਹੈ। ਪਿੰਡ ਪੁੱਜਣ ’ਤੇ ਸੰਦੀਪ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਏਜੰਟ ਨੇ ਉਸ ਨੂੰ 12 ਲੱਖ ਰੁਪਏ ਲੈ ਕੇ ਲਿਬੀਆ ’ਚ ਇੱਕ ਡੌਂਕੀ ਵਿੱਚ ਫਸਾ ਦਿੱਤਾ। 


ਉਸ ਨੇ ਦੱਸਿਆ ਕਿ ਪਹਿਲਾਂ ਛੇ ਲੱਖ ਲੈ ਕੇ ਲਿਬੀਆ ਲੈ ਗਏ ਤੇ ਸੁੰਨਸਾਨ ਜਗ੍ਹਾ ’ਤੇ ਬਣੇ ਇੱਕ ਕਮਰੇ ’ਚ ਬੰਦ ਕਰ ਦਿੱਤਾ, ਜਿੱਥੇ 80 ਲੋਕ ਪਹਿਲਾਂ ਹੀ ਬੰਦ ਸਨ। ਉਨ੍ਹਾਂ ਦੇ ਪਾਸਪੋਰਟ ਖੋਹ ਲਏ ਤੇ ਬਾਕੀ ਛੇ ਲੱਖ ਰੁਪਏ ਵੀ ਲੈ ਲਏ। ਡੌਂਕੀ ਵਾਲਿਆਂ ਨੇ ਉਸ ਨੂੰ ਭਾਰਤ ਵਾਪਸ ਭੇਜਣ ਦੀ ਸ਼ਰਤ ’ਤੇ ਉਸ ਤੋਂ 6 ਲੱਖ ਰੁਪਏ ਹੋਰ ਮੰਗੇ ਪਰ ਪੈਸੇ ਨਾ ਹੋਣ ਕਾਰਨ ਉਹ ਉੱਥੇ ਹੀ ਫਸਿਆ ਰਿਹਾ। 


ਇਸ ਮਗਰੋਂ ਰੌਲਾ ਪਾਉਣ ’ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਨੂੰ ਇੱਕ ਹਫ਼ਤੇ ਤੱਕ ਭੁੱਖਾ ਰੱਖਿਆ ਗਿਆ ਤੇ ਸਿਰਫ਼ ਪੀਣ ਵਾਲਾ ਪਾਣੀ ਹੀ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਉਸ ਨੂੰ ਏਜੰਟ ਦੇ ਕਹਿਣ ’ਤੇ ਬਾਹਰ ਕੱਢਿਆ ਗਿਆ ਪਰ ਉਸ ਨੂੰ ਪੁਲਿਸ ਨੇ ਫੜ ਲਿਆ ਤੇ ਲਿਬੀਆ ਦੀ ਤ੍ਰਿਪੋਲੀ ਜੇਲ੍ਹ ਵਿੱਚ ਬੰਦ ਕਰ ਦਿੱਤਾ। 


ਦੱਸ ਦਈਏ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਲਿਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਮੁੱਦਾ ਰਾਜ ਸਭਾ ਵਿੱਚ ਉਠਾਇਆ। ਇਸ ਤੋਂ ਬਾਅਦ ਹੀ ਸੰਦੀਪ ਸਮੇਤ ਹੋਰ ਨੌਜਵਾਨ ਪਿਛਲੇ ਮਹੀਨੇ ਜੇਲ੍ਹ ਤੋਂ ਰਿਹਾਅ ਹੋ ਕੇ ਘਰਾਂ ਨੂੰ ਪਰਤੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।