Mohali News: ਮੋਹਾਲੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਾਰਕਿੰਗ ਨੂੰ ਲੈ ਕੇ ਪਏ ਕਲੇਸ਼ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚੱਲੀ ਗਈ। ਮ੍ਰਿਤਕ ਨੌਜਵਾਨ, ਜੋ ਕਿ ਵਿਗਿਆਨੀ ਸੀ, ਉਹ ਇੰਡੀਆਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ‘ਚ ਰਿਸਰਚ ਕੰਮ ‘ਚ ਜੁਟਿਆ ਹੋਇਆ ਸੀ

ਮੋਹਾਲੀ ਦੇ ਸੈਕਟਰ-67 ‘ਚ ਪਿਛਲੀ ਰਾਤ ਪਾਰਕਿੰਗ ਵਿਵਾਦ ਦੌਰਾਨ ਇੰਡੀਆਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER), ਮੋਹਾਲੀ ਦੇ ਇੱਕ ਵਿਗਿਆਨੀ ਦੀ ਕੁੱਟ-ਮਾਰ ਕਰਕੇ ਹੱਤਿਆ ਕਰ ਦਿੱਤੀ ਗਈ। 40 ਵਰ੍ਹਿਆਂ ਦੇ ਅਭਿਸ਼ੇਕ ਸਵਰਨਕਾਰ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਪਾਰਕ ਕਰ ਰਿਹਾ ਸੀ, ਜਦੋਂ ਉਸ ਦਾ ਮੋਂਟੀ ਨਾਂ ਦੇ ਗੁਆਂਢੀ ਨਾਲ ਵਿਵਾਦ ਹੋ ਗਿਆ, ਜਿਸ ਨੇ ਮੋਟਰਸਾਈਕਲ ਪਾਰਕ ਕਰਨ ‘ਤੇ ਇਤਰਾਜ਼ ਜਤਾਇਆ।

ਝਗੜੇ ਦੌਰਾਨ ਮੋਂਟੀ ਨੇ ਅਭਿਸ਼ੇਕ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਸਦੀ ਛਾਤੀ ਤੇ ਪੇਟ ‘ਤੇ ਮੁੱਕਿਆਂ ਨਾਲ ਹਮਲਾ ਕੀਤਾ। ਅਭਿਸ਼ੇਕ ਪਹਿਲਾਂ ਹੀ ਗੁਰਦੇ ਸੰਬੰਧੀ ਬਿਮਾਰੀ ਨਾਲ ਪੀੜਤ ਸੀ ਅਤੇ ਉਸ ਦਾ ਡਾਈਆਲਿਸਿਸ ਵੀ ਚੱਲ ਰਿਹਾ ਸੀ। ਉਸ ਦੀ ਭੈਣ ਨੇ ਉਸ ਨੂੰ ਗੁਰਦਾ ਦਾਨ ਕੀਤਾ ਸੀ। ਘਟਨਾ ਵਾਲੀ ਥਾਂ ‘ਤੇ ਹੀ ਅਭਿਸ਼ੇਕ ਬੇਹੋਸ਼ ਹੋ ਗਿਆ, ਜਿਸ ਕਾਰਨ ਘਬਰਾਏ ਹੋਏ ਮੋਂਟੀ ਨੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲੈ ਜਾਇਆ, ਪਰ ਡਾਕਟਰਾਂ ਨੇ ਉਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਅਭਿਸ਼ੇਕ ਨੇ IISER ਨੈਸ਼ਨਲ ਪੋਸਟਡਾਕਟੋਰਲ ਫੈਲੋਸ਼ਿਪ ਤਹਿਤ ਕੰਮ ਸ਼ੁਰੂ ਕੀਤਾ ਸੀ। ਇਸ ਮਾਮਲੇ ਵਿੱਚ ਫੇਜ਼-11 ਥਾਣੇ ਵਿੱਚ FIR ਦਰਜ ਕੀਤੀ ਗਈ ਹੈ ਅਤੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਮੋਹਾਲੀ ਵਿੱਚ ਪਾਰਕਿੰਗ ਵਿਵਾਦ ਕਾਰਨ ਹੋਈ ਰਿਸਰਚਰ ਦੀ ਮੌਤ ਦੇ ਮਾਮਲੇ ਵਿੱਚ CCTV ਫੁਟੇਜ ਵੀ ਸਾਹਮਣੇ ਆਈ ਹੈ।

CCTV ਵਿੱਚ ਸਪੱਸ਼ਟ ਦਿਖਾਇਆ ਗਿਆ ਹੈ ਕਿ ਅਭਿਸ਼ੇਕ ਸਵਰਨਕਾਰ ਆਪਣੀ ਮੋਟਰਸਾਈਕਲ ਪਾਰਕ ਕਰ ਰਿਹਾ ਹੈ, ਜਿਸ ਤੋਂ ਬਾਅਦ ਉਸ ਦਾ ਮੋਂਟੀ ਨਾਮਕ ਵਿਅਕਤੀ ਨਾਲ ਬਹਿਸ ਹੋ ਜਾਂਦੀ ਹੈ। ਤੂੰ-ਤੂੰ ਮੈਂ-ਮੈਂ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਗੁਆਂਢੀ ਕੁੱਟਮਾਰ ਤੱਕ ਆ ਜਾਂਦਾ ਹੈ। ਜਿਸ ਕਰਕੇ ਵਿਗਿਆਨੀ ਦੀ ਜਾਨ ਚੱਲੀ ਗਈ। ਫੁਟੇਜ ਵਿੱਚ ਮੋਂਟੀ ਅਭਿਸ਼ੇਕ ਨਾਲ ਮਾਰਪੀਟ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦੌਰਾਨ ਅਭਿਸ਼ੇਕ ਜ਼ਮੀਨ ‘ਤੇ ਡਿੱਗ ਜਾਂਦਾ ਹੈ। ਇਸ ਮੌਕੇ ਹੋਰ ਲੋਕ ਵੀ ਉਥੇ ਪਹੁੰਚਦੇ ਹਨ।