Fake Encounter: ਪੰਜਾਬ ਪੁਲਿਸ ਦਾ ਸ਼ਰਮਨਾਕ ਕਾਰਾ! ਆਪਣੇ ਹੀ ਸਿਪਾਹੀਆਂ ਨੂੰ ਅੱਤਵਾਦੀ ਕਹਿ ਕਰ ਦਿੱਤਾ ਐਨਕਾਊਂਟਰ
Fake Police Encounter: ਪੰਜਾਬ ਪੁਲਿਸ ਦਾ ਇੱਕ ਹੋਰ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਪੁਲਿਸ ਨੇ ਆਪਣੇ ਹੀ ਮੁਲਾਜ਼ਮਾਂ ਨੂੰ ਅੱਤਵਾਦੀ ਕਹਿ ਕੇ ਝੂਠਾ ਪੁਲਿਸ ਮੁਕਾਬਲਾ ਕਰ ਦਿੱਤਾ। ਹੁਣ 33 ਸਾਲ ਬਾਅਦ ਅਦਾਲਤ ਨੇ ਉਸ ਵੇਲੇ...

Fake Police Encounter: ਪੰਜਾਬ ਪੁਲਿਸ ਦਾ ਇੱਕ ਹੋਰ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਪੁਲਿਸ ਨੇ ਆਪਣੇ ਹੀ ਮੁਲਾਜ਼ਮਾਂ ਨੂੰ ਅੱਤਵਾਦੀ ਕਹਿ ਕੇ ਝੂਠਾ ਪੁਲਿਸ ਮੁਕਾਬਲਾ ਕਰ ਦਿੱਤਾ। ਹੁਣ 33 ਸਾਲ ਬਾਅਦ ਅਦਾਲਤ ਨੇ ਉਸ ਵੇਲੇ ਦੇ ਇੰਸਪੈਕਟਰ ਤੇ ਸੇਵਾਮੁਕਤ ਐਸਪੀ ਪਰਮਜੀਤ ਸਿੰਘ ਨੂੰ 10 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਂਝ ਅਦਾਲਤ ਨੇ ਸਬੂਤਾ ਦੀ ਘਾਟ ਕਾਰਨ ਇਸੇ ਮਾਮਲੇ ਵਿੱਚ ਸ਼ਾਮਲ ਧਰਮ ਸਿੰਘ, ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਬਰੀ ਕਰ ਦਿੱਤਾ ਹੈ, ਜਦਕਿ ਤਤਕਾਲੀ ਐਸਆਈ ਰਾਮ ਲੁਭਾਇਆ ਦੀ ਮੌਤ ਹੋ ਚੁੱਕੀ ਹੈ।
ਦਰਅਸਲ ਬੁੱਧਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਇੱਕ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਦੋ ਪੁਲਿਸ ਕਰਮਚਾਰੀਆਂ ਨੂੰ ਮਾਰਨ ਦੇ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਤਤਕਾਲੀ ਇੰਸਪੈਕਟਰ ਤੇ ਸੇਵਾਮੁਕਤ ਐਸਪੀ ਪਰਮਜੀਤ ਸਿੰਘ ਨੂੰ 10 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇੱਕ ਹੋਰ ਧਾਰਾ ਤਹਿਤ ਉਸ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸੇ ਮਾਮਲੇ ਵਿੱਚ ਸ਼ਾਮਲ ਧਰਮ ਸਿੰਘ, ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ, ਜਦਕਿ ਤਤਕਾਲੀ ਐਸਆਈ ਰਾਮ ਲੁਭਾਇਆ ਦੀ ਮੌਤ ਹੋ ਚੁੱਕੀ ਹੈ। ਅਦਾਲਤ ਨੇ ਸਾਬਕਾ ਐਸਪੀ ਪਰਮਜੀਤ ਸਿੰਘ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ।
ਸੀਬੀਆਈ ਦੇ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਸੀ, ਜਿਸ ਵਿੱਚ ਪਾਇਆ ਗਿਆ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਸੁਰਮੁਖ ਸਿੰਘ ਵਾਸੀ ਪਿੰਡ ਮੁੱਛਲ (ਬਾਬਾ ਬਕਾਲਾ) ਨੂੰ 18 ਅਪਰੈਲ 1993 ਨੂੰ ਸਵੇਰੇ 6:00 ਵਜੇ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਉਸ ਦੀ ਰਿਹਾਇਸ਼ ਤੋਂ ਚੁੱਕਿਆ ਗਿਆ ਸੀ।
ਐਸਆਈ ਰਾਮ ਲੁਭਾਇਆ ਦੀ ਅਗਵਾਈ ਹੇਠਲੀ ਟੀਮ ਨੇ ਉਸੇ ਦਿਨ ਦੁਪਹਿਰ ਲਗਪਗ 2:00 ਵਜੇ ਇੱਕ ਹੋਰ ਕਾਂਸਟੇਬਲ ਸੁਖਵਿੰਦਰ ਸਿੰਘ ਵਾਸੀ ਖਿਆਲਾ (ਅੰਮ੍ਰਿਤਸਰ) ਨੂੰ ਵੀ ਉਸ ਦੇ ਘਰ ਤੋਂ ਚੁੱਕ ਲਿਆ। ਅਗਲੇ ਦਿਨ ਸੁਖਵਿੰਦਰ ਦੀ ਮਾਂ ਬਲਬੀਰ ਕੌਰ ਆਪਣੇ ਪਤੀ ਦਿਲਦਾਰ ਸਿੰਘ ਨਾਲ ਥਾਣਾ ਬਿਆਸ ਗਈ ਪਰ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
22 ਅਪਰੈਲ 1993 ਨੂੰ ਜ਼ਿਲ੍ਹਾ ਮਜੀਠਾ ਪੁਲਿਸ ਨੇ ਮੁਕਾਬਲੇ ਵਿੱਚ ਦੋ ਅਣਪਛਾਤੇ ਅਤਿਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ। ਬਾਅਦ ਵਿੱਚ ਸੀਬੀਆਈ ਜਾਂਚ ਨੇ ਇਹ ਸਿੱਧ ਕਰ ਦਿੱਤਾ ਕਿ ਲੋਪੋਕੇ ਪੁਲਿਸ ਵੱਲੋਂ ਮੁਕਾਬਲੇ ’ਚ ਮਾਰੇ ਗਏ ਦੋ ਨੌਜਵਾਨ ਅਸਲ ਵਿੱਚ ਸੁਖਵਿੰਦਰ ਸਿੰਘ ਤੇ ਸੁਰਮੁਖ ਸਿੰਘ ਸਨ। ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਬਰੀ ਕਰਨ ਖ਼ਿਲਾਫ਼ ਉਹ ਹਾਈ ਕੋਰਟ ’ਚ ਅਪੀਲ ਦਾਇਰ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















