Mela Maghi Muktsar 2025: ਪੰਜਾਬ ਦੀ ਪੰਥਕ ਸਿਆਸਤ ਵਿੱਚ ਅੱਜ ਦਾ ਦਿਨ ਬੇਹੱਦ ਅਹਿਮ ਹੈ। ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਦੋ ਸੰਸਦ ਮੈਂਬਰ ਆਪਣੀ ਵੱਖਰੀ ਪਾਰਟੀ ਬਣਾ ਕੇ ਪੰਥਕ ਸਿਆਸਤ ਵਿੱਚ ਬਾਕਾਇਦਾ ਐਂਟਰੀ ਕਰ ਰਹੇ ਹਨ। ਇਸ ਨਾਲ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗ ਸਕਦਾ ਹੈ। ਇਸ ਵੇਲੇ ਖੇਰੂੰ-ਖੇਰੂੰ ਹੋਇਆ ਅਕਾਲੀ ਦਲ ਬਾਦਲ ਜੇਕਰ ਨਾ ਸੰਭਲਿਆ ਤਾਂ ਪੰਥਕ ਸਿਆਸਤ ਗਰਮ ਖਿਆਲੀਆਂ ਦੇ ਹੱਥ ਜਾ ਸਕਦੀ ਹੈ।
ਦਰਅਸਲ ਅੱਜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਤੇ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਨਵੀਂ ਪਾਰਟੀ ਦਾ ਐਲਾਨ ਹੋ ਰਿਹਾ ਹੈ। ਨਵੀਂ ਪਾਰਟੀ ਦਾ ਐਲਾਨ ਉਸ ਵੇਲੇ ਹੋ ਰਿਹਾ ਹੈ ਜਦੋਂ ਕਈ ਦਹਾਕਿਆਂ ਤੋਂ ਪੰਥਕ ਸਿਆਸਤ ਦੀ ਅਗਵਾਈ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਾਸ਼ੀਏ ਉਪਰ ਚਲਾ ਗਿਆ ਹੈ। ਇਸ ਲਈ ਆਉਣ ਵਾਲੇ ਸਮੇਂ ਅੰਦਰ ਪੰਥਕ ਸਿਆਸਤ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲੇਗਾ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸਿਆਸੀ ਪਾਰਟੀ ਬਣਾਉਣਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਸਭ ਤੋਂ ਵੱਡੀ ਚੁਣੌਤੀ ਹੈ। ਅਕਾਲੀ ਦਲ ਹੁਣ ਤੱਕ ਪੰਥ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ ਪਰ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇ ਮੁੱਦੇ 'ਤੇ ਅਕਾਲੀ ਦਲ ਦਾ ਗ੍ਰਾਫ ਤੇਜ਼ੀ ਨਾਲ ਡਿੱਗਿਆ ਹੈ। ਪੰਥਕ ਵੋਟ ਬੈਂਕ ਅਕਾਲੀ ਦਲ ਤੋਂ ਦੂਰ ਹੋ ਗਿਆ ਹੈ। ਇਹ ਪੰਥਕ ਵੋਟ ਬੈਂਕ ਨਵੇਂ ਬਦਲ ਦੀ ਤਲਾਸ਼ ਵਿੱਚ ਹੈ।
ਪੰਜਾਬ ਦੀ ਮੁੱਖ ਸਿਆਸੀ ਧਿਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਇਸ ਵੇਲੇ ਇਹ ਹਾਲ ਹੈ ਕਿ ਉਸ ਕੋਲ ਸਿਰਫ਼ ਇੱਕ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੈ। ਦੂਜੇ ਪਾਸੇ ਲੰਬੇ ਸਮੇਂ ਮਗਰੋਂ ਪੰਥਕ ਵੋਟ ਦਾ ਝੁਕਾਅ ਗਰਮ ਖਿਆਲੀਆਂ ਵੱਲ ਵਧ ਰਿਹਾ ਹੈ। ਇਸ ਦੀ ਮਿਸਾਲ ਲੋਕ ਸਭਾ ਚੋਣਾਂ ਵਿੱਚ ਮਿਲੀ ਸੀ। ਪੰਥਕ ਵੋਟਰਾਂ ਨੇ ਅਕਾਲੀ ਦਲ ਨੂੰ ਨਾਕਾਰ ਕੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਸੰਸਦ ਮੈਂਬਰ ਬਣਾਇਆ ਸੀ। ਦੋਵਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਜਿੱਤੀਆਂ ਸਨ।
ਇਸ ਮਗਰੋਂ ਅਕਾਲੀ ਦਲ ਅੰਦਰ ਬਗਾਵਤ ਦੀ ਆਵਾਜ਼ ਉੱਠੀ ਸੀ। ਬਾਗ਼ੀ ਧੜੇ ਨੇ ਬਾਦਲ ਪਰਿਵਾਰ ਤੋਂ ਪਾਰਟੀ ਨੂੰ ਆਜ਼ਾਦ ਕਰਵਾਉਣ ਦਾ ਝੰਡਾ ਚੁੱਕਿਆ ਸੀ। ਇਸ ਮਗਰੋਂ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਪਿਆ। ਹੁਣ ਅਕਾਲੀ ਦਲ ਨਵੇਂ ਪ੍ਰਧਾਨ ਦੀ ਤਲਾਸ਼ ਵਿੱਚ ਹੈ। ਬਾਦਲ ਧੜਾ ਅਜੇ ਵੀ ਕਮਾਨ ਆਪਣੇ ਹੱਥ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਸ਼ਮਕਸ਼ ਵਿੱਚ ਅਕਾਲੀ ਦਲ ਦੇ ਵਰਕਰ ਨਿਰਾਸ਼ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਅਕਾਲੀ ਦਲ ਨਵੇਂ ਸਿਰੇ ਤੋਂ ਸੰਗਠਨ ਕਾਇਮ ਕਰਕੇ ਆਪਣੀ ਸਿਆਸਤ ਪੰਥ ਕੇਂਦਰਿਤ ਕਰਨ ਵਿੱਚ ਨਾਕਾਮ ਰਹਿੰਦਾ ਹੈ ਤਾਂ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਪੰਥਕ ਸਿਆਸਤ ਦਾ ਬਦਲ ਬਣ ਕੇ ਉੱਭਰ ਸਕਦੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਪੰਜਾਬ ਦੀ ਰਾਜਨੀਤੀ 'ਤੇ ਪ੍ਰਭਾਵ ਤਾਂ ਜ਼ਰੂਰ ਪਵੇਗਾ। ਪੰਥਕ ਵੋਟਰਾਂ ਨੇ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਨੂੰ ਆਜ਼ਾਦ ਚੋਣਾਂ ਜਿਤਵਾਈਆਂ ਹਨ, ਉਨ੍ਹਾਂ ਦੀ ਪਾਰਟੀ ਦੇ ਗਠਨ ਤੋਂ ਬਾਅਦ ਸਿੱਖ ਵੋਟ ਬੈਂਕ ਦਾ ਉਨ੍ਹਾਂ ਵੱਲ ਝੁਕਾਅ ਵਧ ਸਕਦਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧਾ ਨੁਕਸਾਨ ਹੋਵੇਗਾ। ਉਂਝ, ਇਹ ਸਭ ਇੰਨਾ ਸੌਖਾ ਨਹੀਂ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸਿੱਖ ਪਾਰਟੀਆਂ ਬਣੀਆਂ ਪਰ ਉਹ ਸਫਲ ਨਹੀਂ ਹੋ ਸਕੀਆਂ।