Shiromani Akali Dal: ਅੱਜ ਪੰਜਾਬ ਦੀ ਪੰਥਕ ਸਿਆਸਤ ਵਿੱਚ ਇੱਕ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਭਰਤੀ ਕਮੇਟੀ ਅੱਜ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਦਾ ਐਲਾਨ ਕਰੇਗੀ। ਅਕਾਲੀ ਦਲ ਦੇ ਬਾਗ਼ੀ ਧੜੇ ਤੇ ਹੋਰ ਪੰਥਕ ਸ਼ਖਸੀਅਤਾਂ ਵੱਲੋਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੰਥਕ ਇਕੱਠ ਕਰਕੇ ਨਵੇਂ ਮੁਖੀ ਦਾ ਐਲਾਨ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਨਵੀਂ ਪਾਰਟੀ ਦੀ ਕਮਾਨ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਜਾ ਸਕਦੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਵੀਂ ਪਾਰਟੀ ਦੇ ਗਠਨ ਨਾਲ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਬੇਸ਼ੱਕ ਇਸ ਧੜੇ ਵਿੱਚ ਬਹੁਤੇ ਬਾਗੀ ਅਕਾਲੀ ਲੀਡਰ ਹੀ ਹਨ ਪਰ ਇਸ ਨੂੰ ਕਈ ਪੰਥਕ ਸ਼ਖਸੀਅਤਾਂ ਦੀ ਹਮਾਇਤ ਹਾਸਲ ਹੈ। ਵਿਦੇਸ਼ਾਂ ਅੰਦਰ ਬੈਠੇ ਬਹੁਤੇ ਸਿੱਖ ਵੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਖੁਸ਼ ਨਹੀਂ। ਇਸ ਲਈ ਆਉਣ ਵਾਲੇ ਸਮੇਂ ਵਿੱਚ ਨਵੀਂ ਪਾਰਟੀ ਸਿਆਸੀ ਸਮੀਕਰਨਾਂ ਬਦਲ ਸਕਦੀ ਹੈ।
ਦੱਸ ਦਈਏ ਕਰਿ ਇਹ ਉਹੀ ਭਰਤੀ ਕਮੇਟੀ ਹੈ ਜਿਸ ਦਾ ਗਠਨ ਸ੍ਰੀ ਅਕਾਲ ਤਖ਼ਤ ਸਾਹਿਬ ਨੇ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਪੁਨਰਗਠਨ ਲਈ 7 ਮੈਂਬਰੀ ਟੀਮ ਵਜੋਂ ਕੀਤਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਮੁਖੀ ਕਿਰਪਾਲ ਸਿੰਘ ਬਡੂੰਗਰ ਦੇ ਅਸਤੀਫ਼ੇ ਤੋਂ ਬਾਅਦ ਇਸ ਕਮੇਟੀ ਨੂੰ ਘਟਾ ਕੇ 5 ਮੈਂਬਰੀ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਤੇ ਬੀਬੀ ਸਤਵੰਤ ਕੌਰ ਕਰ ਦਿੱਤਾ ਗਿਆ।
ਪਿਛਲੇ 6 ਮਹੀਨਿਆਂ ਵਿੱਚ ਇਸ ਟੀਮ ਨੇ 15 ਲੱਖ ਮੈਂਬਰ ਬਣਾ ਲਏ ਹਨ ਤੇ ਅੱਜ 11 ਅਗਸਤ ਨੂੰ ਉਹ ਇਤਿਹਾਸਕ ਪ੍ਰਤੀਨਿਧੀ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਹਨ। ਮੀਟਿੰਗ ਵਿੱਚ ਨਵੇਂ ਮੁਖੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ਸੰਭਾਵਨਾ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚੁਣੇ ਜਾਣਗੇ। ਹਾਲਾਂਕਿ ਹਾਲ ਹੀ ਵਿੱਚ ਉਨ੍ਹਾਂ ਨੇ ਮੁਖੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੀਨੀਅਰ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਸਹਿਮਤੀ ਦੇ ਦਿੱਤੀ ਹੈ।
ਇਸ ਘਟਨਾਕ੍ਰਮ ਨਾਲ ਬਾਦਲ ਧੜੇ ਵਿੱਚ ਘਬਰਾਹਟ ਨਜ਼ਰ ਆ ਰਹੀ ਹੈ। ਦੋ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਪਾਰਟੀ ਛੱਡ ਕੇ ਗਏ ਆਗੂਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਸੀ। ਉਨ੍ਹਾਂ ਮੰਨਿਆ ਸੀ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ ਤੇ ਸਾਰਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ ਪਰ ਭਰਤੀ ਕਮੇਟੀ ਨੇ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਸੀ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਨੇ ਆਗੂਆਂ ਨਾਲ ਨਿੱਜੀ ਪੱਧਰ 'ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ।
ਦੱਸ ਦਈਏ ਕਿ ਭਰਤੀ ਕਮੇਟੀ ਨੇ ਇਹ ਮੀਟਿੰਗ ਦਰਬਾਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰਨ ਦੀ ਮੰਗ ਕੀਤੀ ਸੀ, ਪਰ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ। ਸ਼੍ਰੋਮਣੀ ਕਮੇਟੀ ਨੇ ਭਾਈ ਗੁਰਦਾਸ ਹਾਲ ਦੀ ਪੇਸ਼ਕਸ਼ ਕੀਤੀ ਪਰ ਇੱਕ ਸ਼ਰਤ ਰੱਖੀ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ। ਭਰਤੀ ਕਮੇਟੀ ਨੇ ਇਸ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ। ਭਰਤੀ ਕਮੇਟੀ ਦੇ ਸੀਨੀਅਰ ਆਗੂ ਗਿਆਨੀ ਜਸਬੀਰ ਸਿੰਘ ਘੁੰਮਣ ਨੇ ਇਸ ਨੂੰ ਗੁਰੂ ਦਾ ਅਪਮਾਨ ਕਰਨ ਦੇ ਬਰਾਬਰ ਕਿਹਾ, ਜਿਨ੍ਹਾਂ ਦੀ ਬਾਣੀ ਦੇ ਨਾਮ 'ਤੇ ਹਾਲ ਦਾ ਨਾਮ ਰੱਖਿਆ ਗਿਆ ਹੈ। ਇਸ ਤੋਂ ਬਾਅਦ ਮੀਟਿੰਗ ਦਾ ਸਥਾਨ ਬਦਲ ਕੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਕਰ ਦਿੱਤਾ ਗਿਆ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਦੀ ਵਾਗਡੋਰ ਸੰਭਾਲਦੇ ਹਨ ਤਾਂ ਇਹ ਪੰਥਕ ਰਾਜਨੀਤੀ ਵਿੱਚ ਇੱਕ ਨਵੀਂ ਧਾਰਾ ਨੂੰ ਜਨਮ ਦੇਵੇਗਾ। ਇਸ ਨਾਲ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਰਵਾਇਤੀ ਪਕੜ ਕਮਜ਼ੋਰ ਹੋਵੇਗੀ ਸਗੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੀਕਰਨ ਵੀ ਬਦਲ ਸਕਦੇ ਹਨ। ਇਸ ਤੋਂ ਇਲਾਵਾ ਪੰਥਕ ਅਦਾਰਿਆਂ ਉਪਰ ਬਾਦਲ ਧੜੇ ਦੇ ਕਰਜ਼ੇ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਜਾ ਸਕਦੀ ਹੈ। ਇਸ ਵੀ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਕਈ ਪੰਥਕ ਧੜੇ ਇੱਕਜੁੱਟ ਹੋ ਸਕਦੇ ਹਨ।