Punjab News : ਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਅਟਵਾਲ ਅਤੇ ਜਸਜੀਤ ਸਿੰਘ ਅਟਵਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਆਗੂਆਂ ਨੇ ਉਹਨਾਂ ਨੂੰ ਦਿੱਲੀ ਵਿਚ ਮੈਂਬਰਸ਼ਿਪ ਦਿਵਾਈ। ਇਸ ਤੋਂ ਪਹਿਲਾਂ ਉਨ੍ਹਾਂ ਇਕ ਲਾਈਨ ਦਾ ਅਸਤੀਫਾ ਭੇਜ ਕੇ ਅਕਾਲੀ ਦਲ ਪਾਰਟੀ ਛੱਡ ਦਿੱਤੀ ਸੀ। ਇੰਦਰ ਇਕਬਾਲ ਲੁਧਿਆਣਾ ਦੇ ਰਾਏਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ।
ਸਾਬਕਾ ਸਪੀਕਰ ਚਰਨਜੀਤ ਅਟਵਾਲ ਕਈ ਸਾਲਾਂ ਤੋਂ ਬਾਦਲ ਪਰਿਵਾਰ ਤੋਂ ਨਾਰਾਜ਼
ਦੱਸਿਆ ਜਾ ਰਿਹੈ ਕਿ ਇੰਦਰ ਅਟਵਾਲ ਬਾਦਲ ਪਰਿਵਾਰ ਦੀ ਅਣਦੇਖੀ ਕਾਰਨ ਭਾਜਪਾ ਵਿੱਚ ਸ਼ਾਮਲ ਹੋਏ ਹਨ। ਅਟਵਾਲ ਪਰਿਵਾਰ, ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਜਿਸ ਕਾਰਨ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਪਿਛਲੇ ਕਈ ਸਾਲਾਂ ਤੋਂ ਬਾਦਲ ਪਰਿਵਾਰ ਤੋਂ ਨਾਰਾਜ਼ ਚੱਲ ਰਹੇ ਸਨ।
ਭਾਰਤੀ ਜਨਤਾ ਪਾਰਟੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਚਰਨਜੀਤ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਨੂੰ ਉਮੀਦਵਾਰ ਬਣਾ ਸਕਦੀ ਹੈ। ਦੱਸ ਦੇਈਏ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਅਟਵਾਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਤੋਂ ਬਹੁਤ ਹੀ ਘੱਟ ਫਰਕ ਨਾਲ ਹਾਰ ਗਏ ਸਨ। ਜਦੋਂ ਕਿ ਉਹ ਸੰਤੋਖ ਚੌਧਰੀ ਨੂੰ ਵੱਡੇ ਫਰਕ ਨਾਲ ਹਰਾ ਕੇ ਲੋਕ ਸਭਾ ਵਿਚ ਪੁੱਜੇ ਸਨ। ਸ੍ਰੋਮਣੀ ਅਕਾਲੀ ਦਲ ਦੇ ਇੱਕੋ ਇੱਕ ਦਲਿਤ ਆਗੂ ਚਰਨਜੀਤ ਸਿੰਘ ਅਟਵਾਲ ਲੋਕ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ।
ਇੰਦਰ ਇਕਬਾਲ ਅਟਵਾਲ ਕਹੀਆਂ ਇਹ ਗੱਲਾਂ
ਇੰਦਰ ਇਕਬਾਲ ਅਟਵਾਲ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਤਿਹਾਸਕ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਵਰਗੇ ਵਰਕਰ ਨੂੰ ਇਸ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਦੇਸ਼ ਦੀ ਆਜ਼ਾਦੀ ਵਿੱਚ ਸਿੱਖ ਕੌਮ ਦਾ ਵੱਡਾ ਯੋਗਦਾਨ ਹੈ। ਅੱਜ ਵੀ ਸਿੱਖ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਯੋਗਦਾਨ ਪਾ ਰਹੇ ਹਨ। ਪੀਐਮ ਮੋਦੀ ਦੀ ਅਗਵਾਈ ਵਿੱਚ ਮੈਨੂੰ ਆਪਣੇ ਸੂਬੇ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਮੈਨੂੰ ਮਾਣ ਹੈ ਕਿ ਮੈਂ ਅਕਾਲੀ ਦਲ ਵਿੱਚ ਇੱਕ ਵਰਕਰ ਵਜੋਂ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਸੋਚ 'ਤੇ ਪਹਿਰਾ ਦਿੱਤਾ ਹੈ।