Punjab Cabinet Meeting: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗਾ ਜੋ 4 ਸਤੰਬਰ ਤੱਕ ਚੱਲੇਗਾ। ਇਹ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਕਰੀਬ ਪੰਜ ਮਹੀਨਿਆਂ ਬਾਅਦ ਅੱਜ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਹੋਰ ਵੀ ਕਈ ਮੁੱਦਿਆਂ ਉਪਰ ਮੋਹਰ ਲਾਈ ਗਈ।
ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਫਾਇਰ ਸੇਫਟੀ ਨਿਯਮਾਂ ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਹੁਣ ਲੋਕਾਂ ਨੂੰ ਹਰ ਸਾਲ ਨਹੀਂ ਸਗੋਂ ਤਿੰਨ ਸਾਲ ਬਾਅਦ ਫਾਇਰ ਸੇਫਟੀ ਨਾਲ ਸਬੰਧਤ ਐਨਓਸੀ ਲੈਣੀ ਪਵੇਗੀ। ਇਸ ਦੇ ਨਾਲ ਹੀ ਫਾਇਰ ਵਿਭਾਗ ਵਿੱਚ ਭਰਤੀ ਨਿਯਮਾਂ ਵਿੱਚ ਵੀ ਸੋਧ ਕੀਤੀ ਜਾਵੇਗੀ। ਇਸ ਤਹਿਤ ਔਰਤਾਂ ਲਈ ਭਰਤੀ ਨਿਯਮਾਂ ਨੂੰ ਸੌਖਾ ਕੀਤਾ ਜਾਵੇਗਾ।
ਫੈਮਿਲੀ ਕੋਰਟ ਦੇ ਸਲਾਹਕਾਰਾਂ ਦਾ ਭੱਤਾ ਵਧਾਇਆ
ਪੰਜਾਬ ਦੀ ਫੈਮਿਲੀ ਕੋਰਟ ਵਿੱਚ ਤਾਇਨਾਤ ਕੌਂਸਲਰਾਂ ਨੂੰ ਹੁਣ 600 ਰੁਪਏ ਰੋਜ਼ਾਨਾ ਭੱਤਾ ਮਿਲੇਗਾ। ਭੱਤਾ ਵਧਾਉਣ ਦੀ ਮਨਜ਼ੂਰੀ ਕੈਬਨਿਟ ਮੀਟਿੰਗ ਵਿੱਚ ਦਿੱਤੀ ਗਈ। ਪਹਿਲਾਂ ਉਨ੍ਹਾਂ ਨੂੰ 75 ਰੁਪਏ ਰੋਜ਼ਾਨਾ ਭੱਤਾ ਮਿਲਦਾ ਸੀ ਜੋ ਅੱਜ ਬਹੁਤ ਘੱਟ ਸੀ। ਹੁਣ ਅਦਾਲਤ ਵਿੱਚ ਕਾਫੀ ਕੇਸ ਆ ਰਹੇ ਹਨ। ਅਜਿਹੇ ਵਿੱਚ ਸਲਾਹਕਾਰਾਂ 'ਤੇ ਕੰਮ ਦਾ ਬੋਝ ਜ਼ਿਆਦਾ ਸੀ। ਇਸ ਕਾਰਨ ਇਹ ਫੈਸਲਾ ਲਿਆ ਗਿਆ।
ਖੇਡ ਨੀਤੀ ਨੂੰ ਮਨਜ਼ੂਰੀ
ਕੈਬਨਿਟ ਮੀਟਿੰਗ ਵਿੱਚ ਪੰਜਾਬ ਦੀ ਪਹਿਲੀ ਖੇਡ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਿਡਾਰੀਆਂ ਲਈ 500 ਕੇਡਰ ਸਥਾਪਤ ਕੀਤੇ ਜਾਣਗੇ। ਇਸ ਵਿੱਚ 460 ਕੋਚ ਤੇ ਸੀਨੀਅਰ ਕੋਚ ਤੇ 40 ਡਿਪਟੀ ਡਾਇਰੈਕਟਰ ਸ਼ਾਮਲ ਹੋਣਗੇ।