Punjab News: SSP ਮੋਹਾਲੀ ਡਾ. ਦੀਪਕ ਪਾਰਿਕ ਵੱਲੋਂ ਜ਼ੀਰਕਪੁਰ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ, ਮੁਨਸ਼ੀ ਤੇ ਨੈਬ ਕੋਰਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦੀ ਥਾਂ ਇੰਸਪੈਕਟਰ ਗਗਨਦੀਪ ਸਿੰਘ ਨੂੰ ਐੱਸ.ਐੱਚ.ਓ. (SHO) ਜ਼ੀਰਕਪੁਰ ਤਾਇਨਾਤ ਕੀਤਾ ਗਿਆ ਹੈ। ਇਹ ਕਾਰਵਾਈ ਅਦਾਲਤ ਵੱਲੋਂ 156/3 ਤਹਿਤ ਮੰਗੀ ਗਈ ਰਿਪੋਰਟ ’ਤੇ ਕਾਰਵਾਈ ਨਾ ਕਰਨ ’ਤੇ ਕੀਤੀ ਗਈ ਹੈ।
ਮਾਮਲੇ ਦੇ ਵਿੱਚ ਵਰਤੀ ਕੋਤਾਹੀ ਕਰਕੇ ਡਿੱਗੀ ਗਾਜ਼
ਬੀਤੇ ਦਿਨੀਂ ਡੇਰਾਬਸੀ ਦੇ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਨੂੰ ਵੀ ਸਿਵਲ ਹਸਪਤਾਲ ’ਚ ਹੋਈ ਝੜਪ ਦੇ ਮਾਮਲੇ ’ਚ ਕੋਤਾਹੀ ਵਰਤਣ ਦੇ ਦੋਸ਼ ਹੇਠ ਸਸਪੈਂਡ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਇਕ ਐੱਨ.ਆਰ.ਆਈ. ਮਹਿਲਾ ਲਾਇਕਾ ਮੱਕੜ ਵੱਲੋਂ ਉਸ ਨਾਲ ਫਲੈਟ ਦਿਵਾਉਣ ਦੇ ਨਾਂ ’ਤੇ ਕਰੀਬ ਪੰਜਾਹ ਲੱਖ ਰੁਪਏ ਦੀ ਠੱਗੀ ਮਾਮਲੇ ’ਚ ਕੇਸ ਦਰਜ ਕਰਵਾਉਣ ਲਈ 156/3 ਤਹਿਤ ਡੇਰਾਬਸੀ ਅਦਾਲਤ ’ਚ ਪਟੀਸ਼ਨ ਪਾਈ ਗਈ ਸੀ।
ਅਦਾਲਤ ਵੱਲੋਂ ਮਾਮਲੇ ਦੀ ਜਾਂਚ ਲਈ ਜ਼ੀਰਕਪੁਰ ਥਾਣੇ ਨੂੰ ਭੇਜਿਆ ਗਿਆ ਸੀ ਪਰ ਤੈਅ ਸਮੇਂ ’ਚ ਜ਼ੀਰਕਪੁਰ ਪੁਲਿਸ ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਸ ਮਾਮਲੇ ’ਚ ਅਦਾਲਤ ਵੱਲੋਂ ਵਾਰ-ਵਾਰ ਨੋਟਿਸ ਵੀ ਜਾਰੀ ਕੀਤੇ ਗਏ।
ਇਸ ਨੂੰ ਲੈ ਕੇ ਸ਼ਿਕਾਇਤਕਰਤਾ ਔਰਤ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਹਾਈ ਕੋਰਟ ਨੇ ਮਾਮਲੇ ’ਚ ਸਖ਼ਤ ਨੋਟਿਸ ਲੈਂਦਿਆਂ ਐੱਸ.ਐੱਸ.ਪੀ. ਮੁਹਾਲੀ ਨੂੰ ਪਾਰਟੀ ਬਣਾਉਂਦਿਆਂ ਸਵਾਲ ਕੀਤਾ ਕਿ ਉਨ੍ਹਾਂ ਨੇ ਪੁਲਿਸ ਦੀ ਇਸ ਲਾਪਰਵਾਹੀ ’ਤੇ ਕੀ ਕਾਰਵਾਈ ਕੀਤੀ ਗਈ।
ਮਾਮਲੇ ਦੀ ਕੀਤੀ ਜਾਏਗੀ ਜਾਂਚ
ਇਸ ਮਗਰੋਂ SSP ਵੱਲੋਂ ਥਾਣਾ ਮੁਖੀ ਜ਼ੀਰਕਪੁਰ ਜਸਕੰਵਲ ਸਿੰਘ ਸੇਖੋਂ, ਮੌਜੂਦਾ ਮੁਨਸ਼ੀ ਤੇ ਨੈਬ ਕੋਰਟ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਦੀ ਥਾਂ ਫੇਜ਼ 11 ਦੇ ਥਾਣਾ ਮੁਖੀ ਗਗਨਦੀਪ ਸਿੰਘ ਨੂੰ ਨਵਾਂ ਥਾਣਾ ਮੁਖੀ ਲਾਇਆ ਗਿਆ। ਦੂਜੇ ਪਾਸੇ ਪੁਲਸ ਸੂਤਰਾਂ ਅਨੁਸਾਰ ਇਸ ਮਾਮਲੇ ’ਚ ਥਾਣਾ ਜ਼ੀਰਕਪੁਰ ਨੂੰ ਡੇਰਾਬਸੀ ਅਦਾਲਤ ਵੱਲੋਂ ਕੋਈ ਵੀ ਕਾਪੀ ਨਹੀਂ ਮਿਲੀ, ਜਿਸ ਦਾ ਹਵਾਲਾ ਪੁਲਸ ਵੱਲੋਂ ਹਾਈ ਕੋਰਟ ’ਚ ਦਾਇਰ ਆਪਣੇ ਹਲਫਨਾਮੇ ’ਚ ਵੀ ਕੀਤਾ ਗਿਆ ਹੈ।
ਅਦਾਲਤ ਦੀ ਕਾਪੀ ਨਾ ਮਿਲਣ ਪਿੱਛੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਪੱਧਰ ’ਤੇ ਲਾਪਰਵਾਹੀ ਰਹੀ। ਡੀ.ਐੱਸ.ਪੀ. ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਥਾਣਾ ਮੁਖੀ ਸਣੇ ਹੋਰਨਾਂ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਾਮਲੇ ’ਚ ਲਾਪਰਵਾਹੀ ਕਿਉਂ ਵਰਤੀ ਗਈ।