Punjab News: ਅੰਮ੍ਰਿਤਸਰ 'ਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਵੀ ਸੁਖਬੀਰ ਬਾਦਲ ਦੀ ਸਜ਼ਾ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸੁਖਬੀਰ ਬਾਦਲ ਅੱਜ ਯਾਨੀ ਵੀਰਵਾਰ ਨੂੰ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਹਨ, ਜਿੱਥੇ ਉਹ ਦੋ ਦਿਨ ਸੇਵਾਦਾਰ ਦੀ ਭੂਮਿਕਾ ਨਿਭਾਉਣਗੇ। ਸੁਖਬੀਰ ਸੇਵਾਦਾਰ ਦੇ ਪਹਿਰਾਵੇ ਵਿੱਚ, ਹੱਥਾਂ ਵਿੱਚ ਬਰਛੀ ਫੜ ਕੇ ਤੇ ਗਲ ਵਿੱਚ ਤਖ਼ਤੀ ਪਾ ਕੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਏ ਰਹੇ ਹਨ।
ਸੁਖਬੀਰ ਬਾਦਲ ਹਰਿਮੰਦਰ ਸਾਹਿਬ ਵਿਖੇ ਆਪਣੀ ਦੋ ਦਿਨ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਤੀਜੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ। ਇੱਥੇ ਵੀ ਅੱਜ ਤੇ ਕੱਲ੍ਹ ਸੁਖਬੀਰ ਬਾਦਲ ਸੇਵਾਦਾਰ ਦੀ ਵਰਦੀ ਪਾ ਕੇ ਡਿਉਟੀ ਦੇਣਗੇ। ਉਨ੍ਹਾਂ ਦੀ ਸੇਵਾ ਅੱਜ ਸਮੇਤ 8 ਦਿਨ ਜਾਰੀ ਰਹੇਗੀ। ਉਹ ਦੋ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੇ ਦੋ ਦਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾ ਕਰਨਗੇ।
ਹਾਲਾਂਕਿ ਪੰਜਾਬ ਪੁਲਿਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਸੁਖਬੀਰ ਬਾਦਲ ਦੇ ਆਲੇ-ਦੁਆਲੇ ਤਿੰਨ ਪਰਤਾਂ ਦੀ ਸੁਰੱਖਿਆ ਲਾਈ ਹੈ ਜਿਸ ਵਿੱਚ ਦੋ ਐਸਪੀ ਰੈਂਕ ਦੇ ਅਧਿਕਾਰੀ ਤਾਇਨਾਤ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਆਲੇ-ਦੁਆਲੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਤਾਇਨਾਤ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਘਟਨਾ ਨੂੰ ਰੋਕਿਆ ਜਾ ਸਕੇ।
ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਐਲਾਨੇ ਜਾਣ ਮਗਰੋਂ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਖਬੀਰ ਬਾਦਲ ਦਾ ਅਸਤੀਫਾ ਅਜੇ ਤੱਕ ਪ੍ਰਵਾਨ ਨਹੀਂ ਹੋਇਆ। ਉਨ੍ਹਾਂ ਤੋਂ ਇਲਾਵਾ ਕਈ ਹੋਰ ਲੀਡਰਾਂ ਦੇ ਅਸਤੀਫੇ ਵੀ ਪੈਂਡਿੰਗ ਹਨ। ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਦੀ ਕਾਰਜਕਾਰਨੀ ਨੂੰ ਪੈਂਡਿੰਗ ਅਸਤੀਫ਼ੇ ਪ੍ਰਵਾਨ ਕਰਕੇ ਪੰਜ ਦਸੰਬਰ ਤੱਕ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਸਨ।
ਇਸ ਬਾਰੇ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਸ ਸਮੇਂ ਹਰ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਨੂੰ ਪੂਰਾ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸ ਕਾਰਨ ਅਕਾਲੀ ਦਲ ਨੇ ਅਸਤੀਫਾ ਪ੍ਰਵਾਨ ਕਰਨ ਬਾਰੇ ਫੈਸਲਾ ਲੈਣ ਲਈ ਕੁਝ ਹੋਰ ਸਮਾਂ ਮੰਗਿਆ ਸੀ, ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਵਾਨ ਕਰ ਲਿਆ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਕੁਝ ਦਿਨਾਂ 'ਚ ਫੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਖਾਲਿਸਤਾਨੀ ਪੱਖੀ ਨਰਾਇਣ ਸਿੰਘ ਚੌੜਾ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਫਾਇਰਿੰਗ ਕੀਤੀ ਸੀ। ਘਟਨਾ ਦੇ ਸਮੇਂ ਜਿਵੇਂ ਹੀ ਹਮਲਾਵਰ ਨੇ ਉਨ੍ਹਾਂ 'ਤੇ ਫਾਇਰਿੰਗ ਕੀਤੀ ਤਾਂ ਸਿਵਲ ਵਰਦੀ 'ਚ ਤਾਇਨਾਤ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਜਸਬੀਰ ਸਿੰਘ ਨੇ ਹਮਲਾਵਰ ਦਾ ਹੱਥ ਫੜ ਕੇ ਉਸ ਨੂੰ ਉੱਪਰ ਚੁੱਕ ਦਿੱਤਾ। ਇਸ ਕਾਰਨ ਗੋਲੀ ਹਰਿਮੰਦਰ ਸਾਹਿਬ ਦੀ ਕੰਧ ਨਾਲ ਲੱਗ ਗਈ। ਸੁਖਬੀਰ ਬਾਦਲ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ।