Sukhbir Badal News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਖੁਦ ਉੱਪਰ ਹੋਏ ਹਮਲੇ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ (ਐਕਸ) 'ਤੇ ਤਸਵੀਰਾਂ ਸ਼ੇਅਰ ਕਰਕੇ ਪੰਜਾਬ ਪੁਲਿਸ ਦੇ 2 ਏ.ਐਸ.ਆਈ ਦੀ ਤਾਰੀਫ਼ ਕੀਤੀ ਹੈ। ਇਹ ਪੋਸਟ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਉੱਪਰ ਲੋਕਾਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰ ਸੁਖਬੀਰ ਬਾਦਲ ਵੱਲੋਂ ਖਾਸ ਕੈਪਸ਼ਨ ਦਿੱਤੀ ਗਈ ਹੈ।
ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪੋਸਟ ਵਾਈਰਲ
ਦੱਸ ਦੇਈਏ ਕਿ ਤਸਵੀਰ ਵਿੱਚ ਏਐਸਆਈ ਜਸਬੀਰ ਸਿੰਘ ਅਤੇ ਏਐਸਆਈ ਹੀਰਾ ਸਿੰਘ ਦੋਵੇਂ ਗੰਨਮੈਨ ਵਜੋਂ ਸੁਖਬੀਰ ਬਾਦਲ ਦੇ ਨਾਲ ਹਨ। ਸੁਖਬੀਰ ਬਾਦਲ ਨੇ ਤਸਵੀਰਾਂ ਦੀ ਕੈਪਸ਼ਨ ਵਿੱਚ ਲਿਖਿਆ, "ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਕੋਈ ਆਸਾਨ ਗੱਲ ਨਹੀਂ ਹੈ।" ਏ.ਐਸ.ਆਈ ਜਸਵੀਰ ਸਿੰਘ ਅਤੇ ਏ.ਐਸ.ਆਈ ਹੀਰਾ ਸਿੰਘ ਸੀਨੀਅਰ ਦੋਵੇਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਰਹੇ ਹਨ... ਮੈਂ ਅਤੇ ਮੇਰਾ ਪਰਿਵਾਰ ਉਨ੍ਹਾਂ ਵੱਲੋਂ ਬੀਤੇ ਸਮੇਂ ਵਿੱਚ ਦਿਖਾਈ ਗਈ ਹਿੰਮਤ ਅਤੇ ਵਫ਼ਾਦਾਰੀ ਦਾ ਬਦਲਾ ਨਹੀਂ ਦੇ ਸਕਦੇ। ਵਾਹਿਗੁਰੂ ਇਹਨਾਂ ਨੂੰ ਲੰਬੀ ਉਮਰ, ਚੰਗੀ ਸਿਹਤ ਅਤੇ ਸਾਰੀਆਂ ਖੁਸ਼ੀਆਂ ਬਖਸ਼ਣ।
ਸੇਵਾ ਕਰਦੇ ਸਮੇਂ ਹੋਇਆ ਹਮਲਾ
ਦੱਸ ਦੇਈਏ ਕਿ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦੇ ਸਮੇਂ ਹਮਲਾ ਹੋਇਆ ਸੀ। ਸੇਵਾ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਦੀ ਮੁਸਤੈਦੀ ਕਾਰਨ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਹਮਲਾਵਰ ਨਰਾਇਣ ਸਿੰਘ ਚੌਧਰੀ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਸਖ਼ਤ ਸੁਰੱਖਿਆ ਹੇਠ ਸੇਵਾ ਕੀਤੀ।
ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਜੁਰਮ ਕਬੂਲ ਕਰਨ ਤੋਂ ਬਾਅਦ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਸਜ਼ਾਵਾਂ ਦਿੱਤੀਆਂ ਗਈਆਂ। ਇਸ ਅਨੁਸਾਰ ਸੁਖਬੀਰ ਬਾਦਲ ਨੇ ਪਹਿਲੇ 2 ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰਾਂ ਦੀ ਵਰਦੀ ਪਹਿਨ ਕੇ ਅਤੇ ਹੱਥਾਂ ਵਿੱਚ ਬਰਛਾ ਫੜ ਕੇ ਸੇਵਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਗਲੇ ਵਿੱਚ ਤਖ਼ਤੀ ਵੀ ਪਾਈ ਹੋਈ ਸੀ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਭਾਂਡੇ ਧੋਣ ਦੀ ਸੇਵਾ ਵੀ ਕੀਤੀ।