Punjab News: ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਉਪਰ ਵਿਜੀਲੈਂਸ ਦੀ ਰੇਡ ਮਗਰੋਂ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੂਰਾ ਪਾਰਟੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਜੀਠੀਆ ਵੱਲੋਂ ਬੇਬਾਕੀ ਨਾਲ ਇਸ ਸਰਕਾਰ ਦੇ ਭ੍ਰਿਸ਼ਟ ਤੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਕਰਕੇ ਬਹੁਤ ਘਬਰਾਹਟ ਵਿੱਚ ਹਨ। 

 

 

 

ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਅਸੀਂ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਵੱਲੋਂ ਲੋਕਾਂ ਦੀ ਆਵਾਜ਼ ਨੂੰ ਉਭਾਰਨ ਦੇ ਯਤਨਾਂ ਨੂੰ ਦਬਾਉਣ ਲਈ ਰਾਜ ਏਜੰਸੀਆਂ ਦੀ ਦੁਰਵਰਤੋਂ ਕਰਕੇ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੇ ਨਹੀਂ। ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਅਕਾਲੀ ਲੀਡਰਸ਼ਿਪ ਵਿਰੁੱਧ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੋਵੇ, ਅਜਿਹਾ ਬਹੁਤ ਸਮੇਂ ਤੋਂ ਲਗਾਤਾਰ ਵਾਪਰ ਰਿਹਾ ਹੈ ਤੇ ਅਸੀਂ ਇਸ ਦਾ ਡਟ ਕੇ ਸਾਹਮਣਾ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। “ਨਾ ਅਸੀਂ ਝੁਕੇ ਸੀ, ਨਾ ਕਦੇ ਝੁਕਾਂਗੇ”। 

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਝੂਠੇ ਮਾਮਲੇ ਦਰਜ ਕਰਨਾ ਇੱਕ ਅਪਰਾਧਿਕ ਕਾਰਵਾਈ ਹੈ, ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਅਜਿਹੇ ਸਾਰੇ ਝੂਠੇ ਮਾਮਲਿਆਂ ਤੇ ਦਮਨ ਦੀਆਂ ਕਾਰਵਾਈਆਂ ਦੀ ਜਾਂਚ ਯਕੀਨੀ ਤੌਰ 'ਤੇ ਢੁਕਵਾਂ ਸਮਾਂ ਆਉਣ 'ਤੇ ਕੀਤੀ ਜਾਵੇਗੀ। ਮੈਂ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕਰਦਾ ਹਾਂ ਕਿ ਕਾਨੂੰਨ ਦੇ ਜ਼ਾਬਤੇ ‘ਚ ਰਹੋ, ਕਿਉਂਕਿ ਸਰਕਾਰ ਬਦਲਣ ਵਿੱਚ ਕੇਵਲ ਡੇਢ ਸਾਲ ਬਾਕੀ ਹੈ।

ਭਗਵੰਤ ਮਾਨ ਨੇ ਇੰਦਰਾ ਗਾਂਧੀ ਵਾਲਾ ਕੰਮ ਕੀਤਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਮਗਰੋਂ ਉਨ੍ਹਾਂ ਦੀ ਭੈਣ ਹਰਸਿਮਰਤ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਹਰਸਿਮਰਤ ਬਾਦਲ ਨੇ ਮਜੀਠੀਆ ਦੀ ਵਿਜੀਲੈਂਸ ਅਫਸਰਾਂ ਨਾਲ ਬਹਿਸ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਦਰ ਗਾਂਧੀ ਦੀ ਐਮਰਜੈਂਸੀ 25 ਜੂਨ 1975 ਦਾ ਇਤਿਹਾਸ ਮੁੜ ਦਹੁਰਾ ਦਿੱਤਾ ਹੈ। ਇੰਦਰਾ ਗਾਂਧੀ ਨੇ ਵੀ ਅੱਜ ਦੇ ਦਿਨ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਐਮਰਜੈਂਸੀ ਲਾਈ ਸੀ ਤੇ ਭਗਵੰਤ ਮਾਨ ਨੇ ਵੀ ਓਹੀ ਰਾਹ ਚੁਣਿਆ ਹੈ।

 ਹਰਸਿਮਰਤ ਬਾਦਲ ਨੇ ਆਪਣੇ ਫੇਸਬੁਕ ਪੇਜ ਉੁਪਰ ਲਿਖਿਆ ਆਪਣੇ ਮੰਤਰੀਆਂ ਦੇ ਕਾਲੇ ਕਾਰਨਾਮੇ ਜੱਗ ਜਾਹਿਰ ਹੁੰਦੇ ਘਬਰਾਇਆ ਭਗਵੰਤ ਮਾਨ❗️ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸ.ਬਿਕਰਮ ਸਿੰਘ ਮਜੀਠੀਆ ਦੇ ਘਰ ਭੇਜੀ ਆਪਣੀ ਵਿਜੀਲੈਂਸ❗️ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਦੀ ਨਿੰਦਾ ਕਰਦਾ ਹੈ ਤੇ ਸ.ਬਿਕਰਮ ਸਿੰਘ ਮਜੀਠੀਆ ਦੇ ਨਾਲ ਡੱਟ ਕੇ ਖੜ੍ਹਾ ਹੈ❗️ਭਗਵੰਤ ਮਾਨ ਨੇ ਅੱਜ ਇੰਦਰ ਗਾਂਧੀ ਦੀ ਐਮਰਜੈਸੀ 25 ਜੂਨ 1975 ਦਾ ਇਤਿਹਾਸ ਮੁੜ ਦਹੁਰਾ ਦਿੱਤਾ❗️ਇੰਦਰਾ ਨੇ ਵੀ ਅੱਜ ਦੇ ਦਿਨ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਐਮਰਜੈਸੀ ਲਗਾਈ ਸੀ ਤੇ ਭਗਵੰਤ ਮਾਨ ਨੇ ਵੀ ਓਹੀ ਰਾਹ ਚੁਣਿਆ ਹੈ ❗