Sukhbir Badal: ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੰਕਟ ਨਾਲ ਜੂਝ ਰਹੇ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਉਪਰ ਹੋ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਅਕਾਲੀ ਦਲ ਦੇ ਕਈ ਲੀਡਰ ਜ਼ਿਮਨੀ ਚੋਣਾਂ ਨਾ ਲੜਨ ਤੱਕ ਦੀ ਸਲਾਹ ਦੇਣ ਲੱਗੇ ਹਨ। ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਅਕਾਲੀ ਦਲ ਨੂੰ ਕੋਈ ਰਾਹ ਨਹੀਂ ਲੱਭ ਰਿਹਾ। 



ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਿਲਹਾਲ ਕੋਈ ਛੋਟ ਨਹੀਂ ਮਿਲੀ। ਇਸ ਕਾਰਨ ਉਹ ਅਗਲੇ ਫੈਸਲੇ ਤੱਕ ਪਾਰਟੀ ਗਤੀਵਿਧੀਆਂ ਵਿੱਚ ਸਰਗਰਮ ਨਹੀਂ ਹੋ ਸਕਣਗੇ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਲੰਘੇ ਦਿਨ ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇੱਕ ਮੰਗ ਪੱਤਰ ਦੇ ਕੇ ਇਸ ਮਾਮਲੇ ਵਿੱਚ ਜ਼ਿਮਨੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਖਬੀਰ ਬਾਦਲ ਨੂੰ ਛੋਟ ਦੇਣ ਦੀ ਅਪੀਲ ਕੀਤੀ ਸੀ।




ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਸੁਖਬੀਰ ਬਾਦਲ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਤੇ  ਗਿੱਦੜਬਾਹਾ ਹਲਕੇ ਤੋਂ ਉਨ੍ਹਾਂ ਵੱਲੋਂ ਚੋਣ ਲੜਨ ਦੀ ਵੀ ਸੰਭਾਵਨਾ ਹੈ। ਇਸੇ ਦੇ ਮੱਦੇਨਜ਼ਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਥੇਦਾਰ ਨਾਲ ਮੁਲਾਕਾਤ ਕੀਤੀ ਸੀ ਪਰ ਸ੍ਰੀ ਅਕਾਲ ਤਖਤ ਤੋਂ ਕੋਈ ਵੀ ਛੋਟ ਨਾ ਮਿਲਣ ਕਾਰਨ ਹੁਣ ਸੁਖਬੀਰ ਬਾਦਲ ਨਾ ਤਾਂ ਪਾਰਟੀ ਦੀ ਅਗਵਾਈ ਕਰ ਸਕਣਗੇ ਤੇ ਨਾ ਹੀ ਚੋਣ ਲੜ ਸਕਣਗੇ, ਕਿਉਂਕਿ ਇਸ ਸਬੰਧੀ ਨਾਮਜ਼ਦਗੀ ਪੱਤਰ ਭਰਨ ਵਾਸਤੇ ਕੁਝ ਹੀ ਦਿਨ ਬਾਕੀ ਹਨ।


ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੱਜ (ਵੀਰਵਾਰ) ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਕਰਨ ਜਾ ਰਿਹਾ ਹੈ। ਮੀਟਿੰਗ ਵਿੱਚ ਸਾਰੇ ਜ਼ਿਲ੍ਹਾ ਮੁਖੀ ਵੀ ਸ਼ਾਮਲ ਹੋਣਗੇ। ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰਨਗੇ। ਮੀਟਿੰਗ ਵਿੱਚ ਚਾਰ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਬਾਰੇ ਫੈਸਲਾ ਲਿਆ ਜਾਵੇਗਾ। 


ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੋਇਆ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਇਸ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਵਿਚਾਰਿਆ ਜਾਵੇਗਾ। ਇਹ ਮੀਟਿੰਗ ਦੀਵਾਲੀ ਤੋਂ ਬਾਅਦ ਹੀ ਸੱਦੇ ਜਾਣ ਦੀ ਸੰਭਾਵਨਾ ਹੈ।


ਜਥੇਦਾਰ ਨੇ ਆਖਿਆ ਕਿ ਜਦੋਂ ਤੱਕ ਤਨਖ਼ਾਹੀਆ ਕਰਾਰ ਦਿੱਤਾ ਵਿਅਕਤੀ ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਜਥੇਦਾਰਾਂ ਕੋਲੋਂ ਤਨਖ਼ਾਹ ਨਹੀਂ ਲਵਾ ਲੈਂਦਾ ਤੇ ਇਸ ਨੂੰ ਪੂਰੀ ਨਹੀਂ ਕਰ ਲੈਂਦਾ, ਉਹ ਤਨਖ਼ਾਹੀਆ  ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹੀਏ ਦੀ ਇੱਕ ਪਰਿਭਾਸ਼ਾ ਹੈ ਤੇ ਇਸ ਪਰਿਭਾਸ਼ਾ ਦੇ ਘੇਰੇ  ਵਿੱਚ ਰਹਿਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ। ਉਨ੍ਹਾਂ ਇੱਕ ਮੰਗ ਪੱਤਰ ਵੀ ਦਿੱਤਾ ਹੈ, ਜਿਸ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਵਿਚਾਰਿਆ ਜਾਵੇਗਾ।