Punjab News: 
ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਮਗਰੋਂ ਸਿਆਸੀ ਭੂਚਾਲ ਤੇਜ਼ ਹੋ ਗਿਆ ਹੈ। ਵਿਰੋਧੀ ਧਿਰਾਂ ਦੇ ਨਾਲ-ਨਾਲ ਬਾਗੀ ਟਕਸਾਲੀ ਅਕਾਲੀ ਲੀਡਰਾਂ ਨੇ ਵੀ ਸੁਖਬੀਰ ਬਾਦਲ ਉਪਰ ਹਮਲੇ ਤੇਜ਼ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮੌਜੂਦਾ ਪੰਥਕ ਤੇ ਸਿਆਸੀ ਹਾਲਾਤ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਪੰਥ ਤੇ ਪੰਜਾਬ ਦੀ ਸਿਰਮੌਰ ਸਿਆਸੀ ਪਾਰਟੀ ਅੱਜ ਜ਼ਿਮਨੀ ਚੋਣਾਂ ਵਿੱਚ ਚਾਰ ਉਮੀਦਵਾਰ ਨਹੀਂ ਉਤਾਰ ਸਕੀ। 



ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ ਲਈ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੁਖਬੀਰ ਨੇ ਪਾਰਟੀ ਦੀ ਕਮਾਨ ਸੰਭਾਲੀ ਹੈ, ਉਸ ਸਮੇਂ ਤੋਂ ਅਕਾਲੀ ਦਲ ਹਾਸ਼ੀਏ ’ਤੇ ਆਉਂਦਾ ਗਿਆ। ਅਕਾਲੀ ਦਲ ਆਪਣੇ ਸੌ ਵਰ੍ਹੇ ਮੌਕੇ ਮਹਿਜ਼ ਤਿੰਨ ਸੀਟਾਂ ’ਤੇ ਸਿਮਟ ਗਿਆ ਤੇ ਲੰਘੀਆਂ ਲੋਕ ਸਭਾ ਚੋਣਾਂ ਵਿੱਚ 10 ਸੀਟਾਂ ’ਤੇ ਜ਼ਮਾਨਤ ਜ਼ਬਤ ਹੋਈ। 



ਢੀਂਡਸਾ ਨੇ ਕਿਹਾ ਕਿ ਉਨ੍ਹਾਂ ਸਾਲ 2017 ਦੀਆਂ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਕੇ ਪਾਸੇ ਹਟ ਜਾਣ ਦੀ ਬੇਨਤੀ ਕੀਤੀ ਸੀ। ਇਹ ਅਰਜ਼ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤੀ ਗਈ ਸੀ ਕਿ ਸੁਖਬੀਰ ਨੂੰ ਪਾਸੇ ਕਰਕੇ ਖ਼ੁਦ ਪਾਰਟੀ ਦੀ ਕਮਾਨ ਆਪਣੇ ਹੱਥ ਵਿੱਚ ਲੈਣ, ਪਰ ਉਸ ਵੇਲੇ ਦਿੱਤੀ ਗਈ ਸਲਾਹ ਨੂੰ ਨਹੀਂ ਮੰਨਿਆ ਗਿਆ। 



ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਲਈ ਦਖ਼ਲ ਦੇ ਕੇ ਸਾਰੇ ਅਕਾਲੀ ਦਲਾਂ ਨੂੰ ਭੰਗ ਕਰ ਕੇ ਪੰਚ ਪ੍ਰਧਾਨੀ ਦੀ ਪ੍ਰਣਾਲੀ ਲਾਗੂ ਕਰਵਾਉਣ। ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਨਵੀਂ ਭਰਤੀ ਸ਼ੁਰੂ ਕਰਵਾਉਣ। 


ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੇ ਆਗੂ ਕਹਿ ਰਹੇ ਹਨ ਕਿ ਸੁਖਬੀਰ ਬਾਦਲ ਤੋਂ ਬਿਨਾਂ ਕੋਈ ਹੋਰ ਆਗੂ ਪਾਰਟੀ ਨਹੀਂ ਚਲਾ ਸਕਦਾ, ਇਹ ਬਿਰਤਾਂਤ ਜਾਣ-ਬੁੱਝ ਕੇ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਥਿਤ ਦੋਸ਼ੀਆਂ ਨੂੰ ਨਾ ਫੜਨਾ ਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਕਾਫ਼ੀ ਗੰਭੀਰ ਹਨ ਜੋ ਸਿੱਖ ਕੌਮ ਦੇ ਮਨਾਂ ਵਿੱਚੋਂ ਕਦੇ ਮਨਫ਼ੀ ਨਹੀਂ ਕੀਤੇ ਜਾ ਸਕਦੇ।