Punjab News: ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਨੂੰ ਸੂਬੇ ਦੇ ਸਾਰੇ 13 ਲੋਕ ਸਭਾ ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਇਕਲੌਤੇ ਬਦਲ ਵਜੋਂ ਸਥਾਪਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਚਰਚਾ ਵਿਚਾਲੇ ਉਨ੍ਹਾਂ ਦੀ ਟਿੱਪਣੀ ਅਹਿਮ ਹੈ। ਯਾਨੀ ਬੀਜੇਪੀ ਪੰਜਾਬ ਵਿੱਚ ਆਪਣੀ ਅਜਿਹੀ ਪੈਂਠ ਬਣਾਉਣ ਦੀ ਤਿਆਰੀ ਕਰ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਹੋਰ ਭਾਈਵਾਲ ਦੇ ਸਹਾਰੇ ਦੀ ਲੋੜ ਨਾ ਪਵੇ।


ਉਂਝ ਸੁਨੀਲ ਜਾਖੜ ਨੇ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਵਾਨਾ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਪੰਜਾਬ ਵਿੱਚ ਕਿਸੇ ਵੀ ਗੱਠਜੋੜ ਬਾਰੇ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ। ਮੇਰੀ ਜ਼ਿੰਮੇਵਾਰੀ ਭਾਜਪਾ ਨੂੰ 117 ਸੀਟਾਂ ’ਤੇ ਮਜ਼ਬੂਤ ਕਰਨਾ ਹੈ। ਮੈਂ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ।’’ 



ਇਸ ਤਰ੍ਹਾਂ ਜਾਖੜ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਸਤੰਬਰ 2020 ਵਿੱਚ ਐਨਡੀਏ ਨੂੰ ਛੱਡਣ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਕੋਈ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਪਰ ਨਾਲ ਹੀ ਰਾਹ ਖੁੱਲ੍ਹਾ ਛੱਡ ਦਿੱਤਾ। ਸੂਤਰਾਂ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਭਾਜਪਾ ਹਾਈਕਮਾਂਡ ਵਿਚਾਲੇ ਗੱਠਜੋੜ ਦੀ ਚਰਚਾ ਚੱਲ ਰਹੀ ਹੈ। ਪੰਜਾਬ ਵਿੱਚ ਕਰੀਬ ਦੋ ਸਾਲਾਂ ਬਾਅਦ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਹੋ ਸਕਦਾ ਹੈ। 



ਦੱਸ ਦਈਏ ਕਿ ਦੋ ਹਫ਼ਤਿਆਂ ਦੇ ਵਿਦੇਸ਼ ਦੌਰੇ ਤੋਂ ਪਰਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਕਰੀਬ 3 ਘੰਟੇ ਤੱਕ ਚੱਲੀ ਇਸ ਬੈਠਕ 'ਚ ਭਾਰਤੀ ਜਨਤਾ ਪਾਰਟੀ ਨਾਲ ਮੁੜ ਗਠਜੋੜ ਦੀਆਂ ਸੰਭਾਵਨਾਵਾਂ 'ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਪਾਰਟੀ ਪ੍ਰਧਾਨ ਨੇ ਗਠਜੋੜ ਸਬੰਧੀ ਸੀਨੀਅਰ ਆਗੂਆਂ ਦੀ ਰਾਏ ਲਈ।


ਪਾਰਟੀ ਸੂਤਰਾਂ ਅਨੁਸਾਰ ਟਕਸਾਲੀ ਆਗੂ ਗਠਜੋੜ ਲਈ ਰਾਜ਼ੀ ਹਨ। ਸੀਨੀਅਰ ਲੀਡਰਸ਼ਿਪ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਦੋਵਾਂ ਪਾਰਟੀਆਂ ਦੇ ਹੱਕ ਵਿੱਚ ਹੋਵੇਗਾ। ਪ੍ਰਧਾਨ ਨੂੰ ਟਕਸਾਲੀ ਨੇਤਾਵਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਗਠਜੋੜ ਦੀ ਸਥਿਤੀ ਵਿੱਚ ਵਿਰੋਧੀ ਧਿਰ ਦੇ ਹਮਲੇ ਦਾ ਜਵਾਬ ਦੇਣ ਲਈ ਰਣਨੀਤੀ ਵੀ ਤਿਆਰ ਕੀਤੀ ਜਾਣੀ ਚਾਹੀਦੀ ਹੈ।