Punjab News: ਅਬੋਹਰ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਪੀਆਰਟੀਸੀ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਬੱਸ ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਈ, ਜਦਕਿ ਟਰੈਕਟਰ ਟਰਾਲੀ ਦੇ 3 ਟੁਕੜੇ ਹੋ ਗਏ। ਇਸ ਘਟਨਾ ਵਿੱਚ ਬੱਸ ਤੇ ਟਰੈਕਟਰ ਟਰਾਲੀ ਦੇ ਡਰਾਈਵਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੈਡੀਕਲ ਸੈਂਟਰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਬੱਸ ਵਿੱਚ 15 ਦੇ ਕਰੀਬ ਸਵਾਰੀਆਂ ਬੈਠੀਆਂ ਸਨ। ਬੱਸ ਦੇ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5:15 ਵਜੇ ਉਹ ਅਬੋਹਰ ਤੋਂ ਮਲੋਟ ਵੱਲ ਜਾ ਰਿਹਾ ਸੀ। ਜਦੋਂ ਉਹ ਗੋਵਿੰਦਗੜ੍ਹ ਨੇੜੇ ਪੁੱਜਾ ਤਾਂ ਅਚਾਨਕ ਲਾਈਟਾਂ ਬੰਦ ਹੋ ਗਈਆਂ। ਅੱਗੇ ਪੁਲ ਦੀਆਂ ਲਾਈਟਾਂ ਵੀ ਬੰਦ ਸਨ। ਇਸ ਕਾਰਨ ਉਹ ਟਰੈਕਟਰ ਨੂੰ ਸੜਕ 'ਤੇ ਅੱਗੇ ਜਾਂਦਾ ਨਹੀਂ ਦੇਖ ਸਕਿਆ।
ਗੁਰਪ੍ਰੀਤ ਨੇ ਦੱਸਿਆ ਕਿ ਹਨ੍ਹੇਰਾ ਹੋਣ ਕਾਰਨ ਬੱਸ ਇੱਕ ਟਰੈਕਟਰ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਵਾਹਨ ਬੇਕਾਬੂ ਹੋ ਗਏ। ਬੱਸ ਪੁਲ ਦੀ ਰੇਲਿੰਗ ਤੋੜ ਕੇ ਕਰੀਬ 4 ਫੁੱਟ ਦੀ ਉਚਾਈ ਤੋਂ ਡਿੱਗ ਕੇ ਪਲਟ ਗਈ।
ਬੱਸ ਚਾਲਕ ਗੁਰਪ੍ਰੀਤ ਸਿੰਘ ਤੋਂ ਇਲਾਵਾ ਟਰੈਕਟਰ ਟਰਾਲੀ ’ਤੇ ਸਵਾਰ ਭਗਤ ਸਿੰਘ ਵਾਸੀ ਪਿੰਡ ਗਦਰ ਖੇੜਾ ਰਾਜਸਥਾਨ ਤੇ ਸੁਖਪਾਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਦੌਦਾ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਭਗਤ ਸਿੰਘ ਤੇ ਸੁਖਪਾਲ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਅਨੁਸਾਰ ਘਟਨਾ ਸਮੇਂ ਬੱਸ ਵਿੱਚ 15 ਦੇ ਕਰੀਬ ਸਵਾਰੀਆਂ ਸਨ।
ਇਸ ਘਟਨਾ ਵਿੱਚ ਇੱਕ ਮਹਿਲਾ ਸਵਾਰੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਘਟਨਾ ਵਿੱਚ ਟਰੈਕਟਰ ਟਰਾਲੀ ਦੇ ਤਿੰਨ ਟੁਕੜੇ ਹੋ ਗਏ ਜਦਕਿ ਬੱਸ ਨੂੰ ਵੀ ਭਾਰੀ ਨੁਕਸਾਨ ਪੁੱਜਾ। ਰਾਹਤ ਦੀ ਗੱਲ ਇਹ ਹੈ ਕਿ ਘਟਨਾ ਸਮੇਂ ਬੱਸ ਪੁਲ 'ਤੇ ਜ਼ਿਆਦਾ ਉਚਾਈ 'ਤੇ ਨਹੀਂ ਸੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।